ਇਸ ਮੈਚ ਨੂੰ ਦੇਖਣ ਲਈ ਨਾ ਤਾਂ ਦਰਸ਼ਕ ਸਟੇਡੀਅਮ ਵਿਚ ਮੌਜੂਦ ਸਨ ਤੇ ਨਾ ਹੀ ਜੂਵੈਂਟਸ ਟੀਮ ਦੇ ਸੁਪਰ ਸਟਾਰ ਕ੍ਰਿਸਟੀਆਨੋ ਰੋਨਾਲਡੋ।

ਤੁਰਿਨ (ਏਪੀ) : ਇਟਲੀ ਦੀ ਸੀਰੀ-ਏ ਲੀਗ ਚੈਂਪੀਅਨ ਜੁਵੈਂਟਸ ਨੂੰ ਦਿੱਗਜ ਸਟ੍ਰਾਈਕਰ ਲਿਓਨ ਮੈਸੀ ਦੀ ਬਾਰਸੀਲੋਨਾ ਨੇ ਯੂਏਫਾ ਚੈਂਪੀਅਨਜ਼ ਲੀਗ ਵਿਚ ਗਰੁੱਪ ਪੱਧਰ ਦੇ ਮੁਕਾਬਲੇ ਵਿਚ ਉਸ ਦੇ ਘਰ ਵਿਚ 2-0 ਨਾਲ ਮਾਤ ਦਿੱਤੀ। ਇਸ ਮੈਚ ਨੂੰ ਦੇਖਣ ਲਈ ਨਾ ਤਾਂ ਦਰਸ਼ਕ ਸਟੇਡੀਅਮ ਵਿਚ ਮੌਜੂਦ ਸਨ ਤੇ ਨਾ ਹੀ ਜੂਵੈਂਟਸ ਟੀਮ ਦੇ ਸੁਪਰ ਸਟਾਰ ਕ੍ਰਿਸਟੀਆਨੋ ਰੋਨਾਲਡੋ। ਰੋਨਾਲਡੋ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਕਾਰਨ ਇਸ ਮੈਚ ‘ਚੋਂ ਬਾਹਰ ਰਹੇ। ਇਸ ਨਾਲ ਮੈਸੀ ਤੇ ਉਨ੍ਹਾਂ ਦੇ ਵਿਚਾਲੇ ਗਰੁੱਪ ਗੇੜ ਦਾ ਮੁਕਾਬਲਾ ਨਹੀਂ ਹੋ ਸਕਿਆ। ਮੈਸੀ ਆਪਣੇ ਘਰ ਕੈਂਪ ਨਾਊ ਵਿਚ ਰੀਅਲ ਮੈਡਿ੍ਡ ਖ਼ਿਲਾਫ਼ ਐੱਲ ਕਲਾਸਿਕੋ ਵਿਚ ਕੋਈ ਗੋਲ ਨਹੀਂ ਕਰ ਸਕੇ ਸਨ ਪਰ ਉਨ੍ਹਾਂ ਨੇ ਇਸ ਮੈਚ ਵਿਚ ਚੰਗਾ ਪ੍ਰਦਰਸ਼ਨ ਕੀਤਾ। ਮੈਸੀ ਨੇ ਓਸਮਾਨੇ ਡੇਂਬੇਲੇ ਦੇ ਗੋਲ ਵਿਚ ਮਦਦ ਕਰਨ ਤੋਂ ਇਲਾਵਾ ਪੈਨਲਟੀ ‘ਤੇ ਵੀ ਗੋਲ ਕੀਤਾ। ਇਸ ਤੋਂ ਇਲਾਵਾ ਇੰਗਲਿਸ਼ ਫੁੱਟਬਾਲ ਕਲੱਬ ਮਾਨਚੈਸਟਰ ਯੂਨਾਈਟਿਡ ਨੇ ਆਰਬੀ ਲਿਪਜਿਗ ਨੂੰ 5-0 ਨਾਲ ਮਾਤ ਦਿੱਤੀ ਜਿਸ ਵਿਚ ਮਾਰਕਸ ਰਸ਼ਫੋਰਡ ਨੇ ਹੈਟਿ੍ਕ ਲਾਈ। ਚੇਲਸੀ ਨੇ ਕ੍ਰਾਸਨੋਦਰ ਨੂੰ ਰੂਸ ਵਿਚ ਖੇਡੇ ਗਏ ਮੈਚ ਵਿਚ 4-0 ਨਾਲ ਮਾਤ ਦਿੱਤੀ। ਪੈਰਿਸ ਸੇਂਟ ਜਰਮੇਨ, ਬੋਰੂਸੀਆ ਡਾਰਟਮੰਡ ਤੇ ਸੇਵੀਆ ਨੇ ਆਪੋ-ਆਪਣੇ ਮੁਕਾਬਲੇ ਜਿੱਤੇ। ਪੈਰਿਸ ਸੇਂਟ ਜਰਮੇਨ ਨੇ ਇਸਤਾਂਬੁਲ ਨੂੰ 2-0 ਨਾਲ ਮਾਤ ਦਿੱਤੀ ਜਿਸ ਵਿਚ ਮੋਈਸ ਕੀਨ ਨੇ ਦੋ ਗੋਲ ਕੀਤੇ ਜਦਕਿ ਵਿਸ਼ਵ ਦੇ ਸਭ ਤੋਂ ਮਹਿੰਗੇ ਫੁੱਟਬਾਲਰ ਨੇਮਾਰ ਨੂੰ ਸੱਟ ਕਾਰਨ 26ਵੇਂ ਮਿੰਟ ਵਿਚ ਹੀ ਮੈਦਾਨ ਛੱਡ ਕੇ ਜਾਣਾ ਪਿਆ।





