
ਲੁਧਿਆਣਾ ,14 ਸਤੰਬਰ {Pawan Saini} -ਜਬਰ ਜਨਾਹ ਦੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਦਫ਼ਤਰ ਵਿਚ ਅੱਜ ਦੇਰ ਸ਼ਾਮ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ ਹੈ । ਜਾਣਕਾਰੀ ਅਨੁਸਾਰ ਛਾਪਾਮਾਰੀ ਦੌਰਾਨ ਪੀੜਤ ਔਰਤ ਵੀ ਪੁਲਿਸ ਪਾਰਟੀ ਦੇ ਨਾਲ ਸੀ ਹਾਲ ਦੀ ਘੜੀ ਪੁਲਿਸ ਅਧਿਕਾਰੀਆਂ ਵਲੋਂ ਇਸ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ,ਪਰ ਸੂਤਰਾਂ ਅਨੁਸਾਰ ਪੁਲਿਸ ਵਲੋਂ ਅੱਜ ਉਸ ਛੋਟੇ ਕਮਰੇ ਦਾ ਮੁਆਇਨਾ ਕੀਤਾ ਗਿਆ ,ਜਿਥੇ ਪੀੜਤਾ ਵੱਲੋਂ ਬੈਂਸ ਵਲੋਂ ਉਸ ਨਾਲ ਜਬਰ ਜ਼ਨਾਹ ਕੀਤੇ ਜਾਂਣ ਬਾਰੇ ਪੁਲਿਸ ਨੂੰ ਦੱਸਿਆ ਸੀ । ਇਸ ਤੋਂ ਇਲਾਵਾ ਇਸ ਮਾਮਲੇ ਵਿਚ ਨਾਮਜ਼ਦ ਇਕ ਹੋਰ ਔਰਤ ਜਸਵੀਰ ਕੌਰ ਦੇ ਘਰ ਵੀ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ ।ਇੱਥੇ ਵੀ ਪੀੜਤਾ ਵਲੋਂ ਬੈਂਸ ਵਲੋਂ ਉਸ ਨਾਲ ਜਬਰ ਜਨਾਹ ਕੀਤੇ ਜਾਣ ਬਾਰੇ ਕਿਹਾ । ਪੁਲਿਸ ਦੀ ਇਹ ਕਾਰਵਾਈ ਦੇਰ ਸ਼ਾਮ ਤੱਕ ਜਾਰੀ ਸੀ । ਇਸ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਬੁੱਧਵਾਰ ਨੂੰ ਸੁਣਵਾਈ ਹੋਣੀ ਹੈ, ਜਿਸ ਕਾਰਨ ਪੁਲਿਸ ਵਲੋਂ ਅੱਜ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ।




