ਬਾਬਾ ਜੀ ਨੇ ਦੱਸਿਆ ਕਿ ਹਸਪਤਾਲ ਨੂੰ ਬਦਨਾਮ ਕਰਨ ਲਈ ਇਹ ਅਫ਼ਵਾਹਾਂ ਫੈਲਾਈਆਂ ਗਈਆਂ

ਤਰਨਤਾਰਨ (ਰਿੰਪਲ ਗੋਲਣ) : ਸਥਾਨਕ ਸ੍ਰੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਸਟ ਹਸਪਤਾਲ ਵਿਖੇ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਇਸ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਸਪਤਾਲ ਦੇ ਸੰਚਾਲਕ ਬਾਬਾ ਮਹਿੰਦਰ ਸਿੰਘ ਕਾਰਸੇਵਾ ਵਾਲਿਆਂ ਨੇ ਦੱਸਿਆ ਕਿ ਇਲਾਕੇ ਵਿਚ ਪਿਛਲੇ ਕੁਝ ਸਮੇਂ ਤੋਂ ਇਹ ਅਫਵਾਹਾਂ ਫੈਲਾਇਆ ਜਾ ਰਹੀਆਂ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਸਟ ਹਸਪਤਾਲ ਜਿਸ ਦੇ ਮੁੱਖ ਸੰਚਾਲਕ ਬਾਬਾ ਜਗਤਾਰ ਸਿੰਘ ਜੀ ਕਾਰਸੇਵਾ ਵਾਲੇ ਹਨ ਵੱਲੋਂ ਹਸਪਤਾਲ ਨੂੰ ਠੇਕੇ ਤੇ ਦੇ ਦਿੱਤਾ ਗਿਆ ਹੈ ਅਤੇ ਹਸਪਤਾਲ ਨੂੰ ਠੇਕੇ ਤੇ ਦੇਣ ਤੋਂ ਬਾਅਦ ਪ੍ਰਾਈਵੇਟ ਹੋਣ ਕਾਰਨ ਲੋਕਾਂ ਦੀ ਸ਼ਰ੍ਹੇਆਮ ਹਸਪਤਾਲ ‘ਚ ਲੁੱਟ ਕੀਤੀ ਜਾ ਰਹੀ ਹੈ। ਜੋ ਕਿ ਸਭ ਅਫਵਾਹਾ ਹਨ। ਬਾਬਾ ਮਹਿੰਦਰ ਸਿੰਘ ਜੀ ਨੇ ਦੱਸਿਆ ਕਿ ਹਸਪਤਾਲ ਨੂੰ ਬਦਨਾਮ ਕਰਨ ਲਈ ਕੁਝ ਪ੍ਰਾਈਵੇਟ ਅਦਾਰਿਆਂ ਵੱਲੋਂ ਹੀ ਇਹ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਜੋ ਬਹੁਤ ਹੀ ਨਿੰਦਣਯੋਗ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਸਟ ਹਸਪਤਾਲ ਵਿਚ ਇਕ ਛੱਤ ਹੇਠ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਵਾਂ ਬਾਬਾ ਜਗਤਾਰ ਸਿੰਘ ਜੀ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਅਤੇ ਤਕਰੀਬਨ ਪਿਛਲੇ ਅੱਠ ਸਾਲਾਂ ਤੋਂ ਹਸਪਤਾਲ ਨੂੰ ਸੰਸਥਾ ਹੀ ਚਲਾ ਰਹੀ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀਆਂ ਇਨ੍ਹਾਂ ਝੂਠੀਆਂ ਅਫਵਾਹਾਂ ਵਿੱਚ ਬਿਲਕੁਲ ਨਾ ਆਉੰਣ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਵੀ ਬੇਨਤੀ ਕੀਤੀ ਕਿ ਉਹ ਅਜਿਹੀਆਂ ਗਲਤ ਅਫਵਾਹਾਂ ਫੈਲਾ ਕੇ ਸਮਾਜ ਵਿੱਚ ਗ਼ਲਤ ਪ੍ਰਚਾਰ ਨਾ ਕਰਨ। ਇਸ ਮੌਕੇ ਬਾਬਾ ਜਸਬੀਰ ਸਿੰਘ, ਬਾਬਾ ਜੋਗਾ ਸਿੰਘ ਐਚਆਰ ਮੈਨੇਜਰ ਗੁਰਮਨ ਸਿੰਘ, ਡਾ.ਅਮਰੀਕ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਵੀ ਮੈਨੇਜਮੈਂਟ ਦੇ ਅਧਿਕਾਰੀ ਮੌਜੂਦ ਸਨ






