ਦੁਪਹਿਰ 1:30 ਵਜੇ ਬੱਸ ਸਟੈਂਡ ਮਾਨਸਾ ਤੋਂ ਤਿੰਨ ਕੋਨੀ ਵਿਚਕਾਰ ਸੜਕ ਜਾਮ ਕੀਤੀ ਗਈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਨੇੜਲੇ ਪਿੰਡ ਖਿਆਲਾ ਕਲਾਂ ਦੇ ਇੱਕ ਕਿਸਾਨ ਬਿੰਦਰ ਸਿੰਘ ਨੇ ਮਹਿੰਦਰਾ ਟਰੈਕਟਰ ਏਜੰਸੀ ਤੋਂ ਇੱਕ ਟਰੈਕਟਰ ਅਰਜਨ 605 ਮਾਡਲ 7,18,000/- ਰੁਪਏ ਦਾ ਦਸੰਬਰ 2020 ਵਿੱਚ ਲਿਆ ਸੀ। ਪਰ ਟ੍ਰੈਕਟਰ ਵਿੱਚ ਤਕਨੀਕੀ ਨੁਕਸਾਨ ਕਾਰਨ ਲੀਕੇਜ਼ ਹੋ ਰਹੀ ਸੀ ਤਾਂ ਕਿਸਾਨ ਨੇ ਮਹਿੰਦਰਾ ਏਜੰਸੀ ਕੋਲ ਪਹੁੰਚ ਕੀਤੀ ਤਾਂ ਏਜੰਸੀ ਨੇ ਰਿਪੇਅਰ ਕਰ ਦਿੱਤੀ। ਦੁਬਾਰਾ ਫਿਰ ਟ੍ਰੈਕਟਰ ਦੀ ਲੀਕੇਜ਼ ਹੋ ਰਹੀ ਸੀ, ਉਸ ਤੋਂ ਬਾਅਦ ਏਜੰਸੀ ਨੇ ਫਿਰ ਰਿਪੇਅਰ ਕਰ ਦਿੱਤੀ। ਵਾਰ-ਵਾਰ ਦੀ ਪ੍ਰੇਸ਼ਾਨੀ ਤੋਂ ਤੰਗ ਆ ਕੇ ਪੀੜਿਤ ਕਿਸਾਨ ਬੀ.ਕੇ.ਯੂ. ਡਕੌਂਦਾ ਦੀ ਪਿੰਡ ਇਕਾਈ ਕੋਲ ਫਰਿਆਦ ਲੈ ਕੇ ਗਿਆ ਤਾਂ ਪਿੰਡ ਇਕਾਈ ਏਜੰਸੀ ਨੂੰ ਮਿਲੀ ਪਰ ਏਜੰਸੀ ਵੱਲੋਂ ਕੋਈ ਤਸੱਲੀਬਖ਼ਸ਼ ਜਵਾਬ ਨਾ ਮਿਲਣ ਕਰਕੇ ਏਜੰਸੀ ਦਾ 18 ਜੂਨ 2021 ਤੋਂ ਲਗਾਤਾਰ ਘਿਰਾਓ ਜਾਰੀ ਹੈ। ਦੁਪਹਿਰ 1:30 ਵਜੇ ਬੱਸ ਸਟੈਂਡ ਮਾਨਸਾ ਤੋਂ ਤਿੰਨ ਕੋਨੀ ਵਿਚਕਾਰ ਸੜਕ ਜਾਮ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਕਿਸਾਨ ਨੂੰ ਟਰੈਕਟਰ ਬਦਲ ਕੇ ਦਿੱਤਾ ਜਾਵੇ। ਇਸ ਸਮੇਂ ਨਾਇਬ ਤਹਿਸੀਲਦਾਰ ਅਤੇ ਸੀਟੀ-2 ਦੇ ਐਸ.ਐਚ.ਓ. ਪ੍ਰਵੀਨ ਕੁਮਾਰ ਨੇ 21 ਜੂਨ 2021 ਨੂੰ ਮੀਟਿੰਗ ਕਰਵਾ ਕੇ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਤਾਂ ਜਾ ਕੇ ਸੜਕ ਜਾਮ ਖੋਲ੍ਹਿਆ ਗਿਆ। ਇਸ ਸਮੇਂ ਜਿਲ੍ਹਾ ਸਕੱਤਰ ਮਹਿੰਦਰ ਭੈਣੀ ਬਾਘਾ, ਬਲਾਕ ਸਕੱਤਰ ਮੱਖਣ ਭੈਣੀ ਬਾਘਾ, ਬਲਾਕ ਦੇ ਮੀਤ ਪ੍ਰਧਾਨ ਹਰਦੇਵ ਸਿੰਘ, ਭੀਖੀ ਬਲਾਕ ਦੇ ਪ੍ਰਧਾਨ ਰਾਜ ਸਿੰਘ ਅਕਲੀਆਂ, ਝੁਨੀਰ ਬਲਾਕ ਦੇ ਪ੍ਰਧਾਨ ਮਨਜੀਤ ਊਲਕ, ਚਾਨਣ ਜਟਾਣਾ, ਕੁਲਦੀਪ ਸਮਾਓ, ਛਿੰਦਰ ਸਿੰਘ, ਬਿੰਦਰ ਸਿੰਘ, ਰੂਪ ਸਿੰਘ, ਸੇਵਕ ਸਿੰਘ ਆਦਿ ਨੇ ਸੰਬੋਧਨ ਕੀਤਾ।






