
ਬਰਨਾਲਾ 19 ਜੁਲਾਈ (ਕਰਨਪ੍ਰੀਤ ਧੰਦਰਾਲ) ਪਿਛਲੇ 10 ਦਿਨ ਤੋਂ ਨਰੇਗਾ ਤਹਿਤ ਹੋਣ ਵਾਲੇ ਹਰ ਤਰ੍ਹਾਂ ਦੇ ਵਿਕਾਸ ਕਾਰਜਾਂ ਦਾ ਬਾਈਕਾਟ ਕਰਕੇ ਆਪਣੀਆਂ ਸੇਵਾਵਾਂ ਪੰਚਾਇਤ ਵਿਭਾਗ ਵਿੱਚ ਰੈਗੂਲਰ ਕਰਵਾਉਣ ਲਈ ਧਰਨੇ ਤੇ ਬੈਠੇ ਨਰੇਗਾ ਮੁਲਾਜ਼ਮਾਂ ਦਾ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਅੱਜ ਇੱਥੇ ਬੀ.ਡੀ.ਪੀ.ਓ. ਦਫ਼ਤਰ ਬਰਨਾਲਾ ਵਿਖੇ ਧਰਨੇ ਤੇ ਬੈਠੇ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਮਨਸੇ ਖਾਂ ਅਤੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਬਲਿੰਗ ਨੇ ਦੱਸਿਆ ਕਿ ਲਗਭਗ ਬਾਰਾਂ-ਤੇਰਾਂ ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ਤੇ ਕੱਚੀਆਂ ਨੌਕਰੀਆਂ ਦਾ ਸੰਤਾਪ ਭੋਗ ਰਹੇ ਹਨ। ਜਦੋਂ ਤੋਂ ਕਾਂਗਰਸ ਦੀ ਸਰਕਾਰ ਪੰਜਾਬ ਦੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਲੈਕੇ ਅੱਜ ਤੱਕ ਨਰੇਗਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਅਨੇਕਾਂ ਵਾਰ ਝੂਠੇ ਲਾਰਿਆਂ ਵਿੱਚ ਰੋਲਿਆ ਗਿਆ ਹੈ। ਹੁਣ 2022 ਦੀਆਂ ਚੋਣਾਂ ਸਾਹਮਣੇ ਹਨ ਕਾਂਗਰਸ ਪਾਰਟੀ ਪਿਛਲੇ ਚੋਣ ਮਨੋਰਥ ਪੱਤਰ ਵਿੱਚ ਕੱਚੀਆਂ ਨੌਕਰੀਆਂ ਤੇ ਡਿਊਟੀ ਕਰ ਰਹੇ ਨੌਜਵਾਨਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਭੁੱਲ ਕੇ ਨਵਜੋਤ ਸਿੱਧੂ ਦੇ ਸ਼ੇਅਰੋ-ਸ਼ਾਇਰੀ ਰਾਹੀਂ ਨਵੇਂ ਸਬਜ਼ ਬਾਗ਼ ਦਿਖਾਉਣ ਦੀ ਵਿਉਂਤਬੰਦੀ ਬਣਾ ਰਹੀ ਹੈ।ਹੁਣ ਨੌਜਵਾਨ ਇਹਨਾਂ ਦੇ ਕਿਸੇ ਵੀ ਝਾਂਸੇ ਵਿੱਚ ਆਉਣ ਵਾਲੇ ਨਹੀ। ਪਿੰਡਾਂ ਵਿੱਚ ਜਿਸ ਵਿਕਾਸ ਦੀ ਗੱਲ ਸਰਕਾਰ ਕਰ ਰਹੀ ਹੈ ਉਹ ਵਿਕਾਸ 80% ਨਰੇਗਾ ਮੁਲਾਜ਼ਮਾਂ ਨੇ ਕਰਵਾਇਆ ਹੈ ਪਰ ਸਰਕਾਰ ਇਸ ਵਾਰ ਵੀ ਨਰੇਗਾ ਮੁਲਾਜ਼ਮਾਂ ਨੂੰ ਲਾਰਾ ਲਾ ਕੇ ਟਾਲਣ ਦੇ ਰੌਂਅ ਵਿੱਚ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਵਕਤ ਨਰੇਗਾ ਲੇਖੇ ਲਾ ਚੁੱਕੇ ਹਾਂ,ਹੁਣ ਹੋਰ ਕਿਸੇ ਭਰਤੀ ਵਿੱਚ ਹਿੱਸਾ ਲੈਣ ਦੀ ਤਾਂ ਸਾਡੀ ਉਮਰ ਨਹੀਂ ਰਹੀ ਇਸ ਲਈ ਇਸ ਵਾਰ ਹੀ ਰੈਗੂਲਰ ਹੋਣਾ ਹੈ, ਲੜਾਈ ਆਰ-ਪਾਰ ਦੀ ਹੋਵੇਗੀ। 22 ਜੁਲਾਈ ਨੂੰ ਬਲਾਕ ਦੇ ਸਾਰੇ ਨਰੇਗਾ ਮੁਲਾਜ਼ਮ ਵੱਡੀ ਗਿਣਤੀ ਵਿੱਚ ਮੋਹਾਲੀ ਵਿਕਾਸ ਭਵਨ ਦਾ ਘਿਰਾਓ ਕਰਨ ਪੁੱਜੇਗਾ।ਇਸ ਸੰਬੰਧੀ ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਮੌਕੇ ਸਮੂਹ ਸਟਾਫ ਹਾਜ਼ਰ ਰਿਹਾ|






