
ਮੁਹਾਲੀ, 11 ਜੂਨ( )- ਭਾਜਪਾ ਦੀ ਬੁਲਾਰਾ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਪੰਜਾਬ ਸਰਕਾਰ ਵੱਲੋਂ ਸ਼ਰਾਬ ਸਸਤੀ ਕਰਨ ਦੇ ਫ਼ੈਸਲੇ ਦੀ ਬੇਹੱਦ ਨਿਖੇਧੀ ਕੀਤੀ ਅਤੇ ਦਾਅਵਾ ਕੀਤਾ ਕਿ ਸਸਤੀ ਸ਼ਰਾਬ ਪੰਜਾਬ ਅੰਦਰ ਹਰ ਰੋਜ਼ ਮੌਤ ਦਾ ਕਾਰਨ ਬਣੇਗੀ । ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਸ਼ਾ ਮੁਕਤ ਪੰਜਾਬ ਦਾ ਵਾਅਦਾ ਕਰਕੇ ਪੰਜਾਬ ਅੰਦਰ ਸਰਕਾਰ ਬਣਾਈ ਸੀ, ਪਰ ਹੁਣ ਉਹ 9647 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਲਈ ਪੰਜਾਬ ਨੂੰ ਨਸ਼ੇ ਵੱਲ ਧਕੇਲ ਰਹੇ ਹਨ । ਪੰਜਾਬ ਸਰਕਾਰ ਵੱਲੋ ਬੀਤੇ ਦਿਨ ਦਿੱਤੇ ਬਿਆਨ ਅਨੁਸਾਰ ਪੰਜਾਬ ਅੰਦਰ 6378 ਠੇਕੇ ਖੋਲ੍ਹੇ ਜਾਣਗੇ । ਬੀਬੀ ਜੀ ਨੇ ਕਿਹਾ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਸ਼ਰਾਬ ਸਸਤੀ ਹੋਣ ਨਾਲ 40 ਫ਼ੀਸਦੀ ਮਾਲੀਏ ਚ ਵਾਧਾ ਹੋਵੇਗਾ , ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਸ਼ਰਾਬ ਦੀ ਵਿਕਰੀ ਵਿਚ 2-3 ਗੁਣਾ ਵਾਧਾ ਹੋਵੇਗਾ । ਉਨਾਂ ਕਿਹਾ ਕਿ ਜੇਕਰ ਸਰਕਾਰ 180 ਮਿਲੀਲੀਟਰ ਦੇ ਪੈਕੇਟ ਚ ਵੀ ਸਰਾਬ ਵੇਚੇਗੀ ਤਾਂ ਵਿਦਿਆਰਥੀ ਵੀ ਇਸ ਦੀ ਭੇਟ ਚੜਨਗੇ।




