
ਆਦਮੀ ਮੁਸਾਫ਼ਿਰ ਹੈ ਤੇ ਮੰਜ਼ਿਲ ਮੌਤ ਹੈ। ਹਰ ਇਨਸਾਨ ਜਾਣਦਾ ਹੈ ਕਿ ਉਸ ਦਾ ਹਰ ਕਦਮ ਮੌਤ ਵੱਲ ਜਾ ਰਿਹਾ ਹੈ। ਇਹ ਜ਼ਿੰਦਗੀ ਕਦੋਂ, ਕਿੱਥੇ ਦਗ਼ਾ ਦੇ ਜਾਵੇ, ਉਹ ਨਹੀਂ ਜਾਣਦਾ। ਅਮੀਰ, ਗ਼ਰੀਬ, ਵਿਦਵਾਨ , ਕਲਾਕਾਰ, ਨੇਤਾ ਤੇ ਅਭਿਨੇਤਾ ਸਭ ਕੁਦਰਤ ਦੇ ਨਿਯਮਾਂ ਅਨੁਸਾਰ ਇਕ ਦਿਨ ਕੁਦਰਤ ਦੀ ਗੋਦ ’ਚ ਸਮਾ ਜਾਂਦੇ ਹਨ, ਜਿੱਥੋਂ ਕਦੇ ਕੋਈ ਵਾਪਸ ਨਹੀਂ ਆਉਂਦਾ। ਕੁਝ ਅਜਿਹੀਆਂ ਹਸਤੀਆਂ ਹੁੰਦੀਆਂ ਹਨ, ਜੋ ਹਮੇਸ਼ਾ ਲਈ ਅਮਰ ਹੋ ਜਾਂਦੀਆਂ ਹਨ। ਅਜਿਹੀ ਹੀ ਇਕ ਮਹਾਨ ਸ਼ਖ਼ਸੀਅਤ ਸਨ ਸੁਪਰ ਸਟਾਰ ਅਦਾਕਾਰ ਰਾਜੇਸ਼ ਖੰਨਾ। ਉਨ੍ਹਾਂ ਦਾ ਜਨਮ 29 ਦਸੰਬਰ, 1942 ਨੁੂੰ ਅੰਮ੍ਰਿਤਸਰ ’ਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਲਾਲਾ ਹੀਰਾ ਨੰਦ ਸੀ ਤੇ ਮਾਤਾ ਦਾ ਨਾਂ ਚੰਦਰਾਨੀ ਖੰਨਾ ਸੀ। ਉਨ੍ਹਾਂ ਦੇ ਪਿਤਾ ਸਕੂਲ ਮਾਸਟਰ ਸਨ। ਬਚਪਨ ’ਚ ਹੀ ਚਾਚੇ ਨੇ ਉਨ੍ਹਾਂ ਨੂੰ ਜਤਿਨ ਖੰਨਾ ਤੋਂ ਰਾਜੇਸ਼ ਖੰਨਾ ਬਣਾਇਆ ਸੀ। ਬਾਲੀਵੁੱਡ ’ਚ ਉਨ੍ਹਾਂ ਨੂੰ ਪਿਆਰ ਨਾਲ ‘ਕਾਕਾ ਜੀ’ ਵੀ ਕਿਹਾ ਜਾਂਦਾ ਸੀ। ਬਚਪਨ ਤੋਂ ਹੀ ਉਹ ਭਾਵੁਕ ਇਨਸਾਨ ਸਨ। ਉਨ੍ਹਾਂ ਨੇ ਮੁੰਬਈ ਦੇ ਸੇਬੇਸਟੀਅਨ ਸਕੂਲ ਤੋਂ ਦਸਵੀਂ ਪਾਸ ਕੀਤੀ ਸੀ। ਸਕੂਲ ’ਚ ਰਵੀ ਕਪੂਰ ਉਰਫ਼ ਜਤਿੰਦਰ ਮਸ਼ਹੂਰ ਅਦਾਕਾਰ ਉਨ੍ਹਾਂ ਦੇ ਹਮਜਮਾਤੀ ਸਨ। ਸਕੂਲ ਦੀ ਪੜ੍ਹਾਈ ਦੌਰਾਨ ਹੀ ਉਹ ਸਕੂਲ ਪੱਧਰੀ ਨਾਟਕਾਂ ’ਚ ਹਿੱਸਾ ਲਿਆ ਕਰਦੇ ਸਨ। ਸਕੂਲ ਦੀ ਸਿੱਖਿਆ ਪੂਰੀ ਹੋਣ ਉਪਰੰਤ ਇਹ ਜੋੜੀ ਮੁੰਬਈ ਦੇ ਪ੍ਰਸਿੱਧ ਕੇਸੀ ਕਾਲਜ ’ਚ ਦਾਖ਼ਲ ਹੋ ਗਈ ਸੀ। ਕਾਲਜ ਦੀ ਪੜ੍ਹਾਈ ਦੌਰਾਨ ਹੀ ਇਨ੍ਹਾਂ ਨੇ ਥੀਏਟਰ ’ਚ ਸ਼ਮੂਲੀਅਤ ਕਰ ਲਈ ਸੀ। ਜਤਿੰਦਰ ਨਾਲ ਉਨ੍ਹਾਂ ਨੇ ਜੀਵਨ ਦੇ ਸੁਨਹਿਰੀ ਪਲ ਬਿਤਾਏ ਸਨ। ਇਸ ਲਈ ਇਹ ਮਿੱਤਰਤਾ ਬਾਲੀਵੁੱਡ ਦੀ ਸਫਲ ਜੋੜੀ ਦੇ ਰੂਪ ’ਚ ਉੱਭਰ ਕੇ ਸਾਹਮਣੇ ਆਈ ਸੀ। ਇਹ ਵੀ ਸੱਚਾਈ ਹੈ ਕਿ ਜਤਿੰਦਰ ਦੀ ਪਹਿਲੀ ਫਿਲਮ ਦੇ ਆਡੀਸ਼ਨ ਲਈ ਰਾਜੇਸ਼ ਖੰਨਾ ਨੇ ਹੀ ਉਨ੍ਹਾਂ ਨੂੰ ਕੈਮਰੇ ਸਾਹਮਣੇ ਪੇਸ਼ ਹੋਣ ਲਈ ਤਿਆਰ ਕੀਤਾ ਸੀ। ਉਨ੍ਹਾਂ ਦਾ ਜਤਿੰਦਰ ਦੇ ਘਰ ਆਉਣਾ -ਜਾਣਾ ਸੀ ਅਤੇ ਜਤਿੰਦਰ ਦੀ ਪਤਨੀ ਰਾਜੇਸ਼ ਖੰਨਾ ਨੂੰ ਪਿਆਰ ਨਾਲ ‘ਕਾਕਾ ਜੀ’ ਆਖ ਕੇ ਬੁਲਾਉਂਦੀ ਸੀ। ਸਾਰੀ ਫਿਲਮ ਇੰਡਸਟਰੀ ’ਚ ਇਹ ਨਾਂ ਹਮੇਸ਼ਾ ਲਈ ਪ੍ਰਸਿੱਧ ਹੋ ਗਿਆ ਸੀ। ਉਨ੍ਹਾਂ ਨੇ ਆਪਣੇ ਫਿਲਮੀ ਸਫ਼ਰ ਦੌਰਾਨ 180 ਫਿਲਮਾਂ ਤੇ 163 ਫੀਚਰ ਫਿਲਮਾਂ ’ਚ ਕੰਮ ਕੀਤਾ। 1961 ਤੋਂ 1971 ਤਕ ਉਨ੍ਹਾਂ ਨੇ ਕਈ ਹਿੱਟ ਫਿਲਮਾਂ ਕੀਤੀਆਂ, ਜਿਨ੍ਹਾਂ ਨੇ ਉਨ੍ਹਾਂ ਨੂੰ ਇੰਡਸਟਰੀ ਦਾ ਸੁਪਰ ਸਟਾਰ ਬਣਾ ਦਿੱਤਾ। ਇਹ ਉਨ੍ਹਾਂ ਦੀ ਖ਼ਾਸੀਅਤ ਹੀ ਸੀ ਕਿ ਤੇਈ ਸਾਲ ਦੀ ਉਮਰ ’ਚ ਹੀ ਉਨ੍ਹਾਂ ਨੂੰ ਬਤੌਰ ਹੀਰੋ ਪਹਿਲੀ ਫਿਲਮ ‘ਆਖ਼ਰੀ ਖ਼ਤ’ ’ਚ ਕੰਮ ਕਰਨ ਦਾ ਮੌਕਾ ਮਿਲਿਆ। ਇਨ੍ਹਾਂ ਦਸ ਸਾਲਾਂ ਦੇ ਛੋਟੇ ਜਿਹੇ ਅਰਸੇ ਦੌਰਾਨ ਹੀ ਉਨ੍ਹਾਂ ਨੇ ਆਪਣੇ ਕਰੀਅਰ ਨੂੰ ਬੁਲੰਦੀਆਂ ’ਤੇ ਪਹੁੰਚਾ ਲਿਆ ਸੀ। ਲਗਾਤਾਰ ਪੰਦਰ੍ਹਾਂ ਹਿੱਟ ਫਿਲਮਾਂ ‘ਅਰਾਧਨਾ’, ‘ਇਤਫ਼ਾਕ’, ‘ਦੋ ਰਾਸਤੇ’, ‘ਬੰਧਨ’, ‘ਡੋਲੀ’, ‘ਸਫ਼ਰ’, ‘ਖ਼ਾਮੋਸ਼ੀ’, ‘ਕਟੀ ਪਤੰਗ’, ‘ਆਨ ਮਿਲੋ ਸਜਨਾ’, ‘ਦਾ ਬਰਨਿੰਗ ਟਰੇਨ’ , ‘ਆਨੰਦ’, ‘ਸੱਚਾ ਝੂਠਾ’, ‘ਦੁਸ਼ਮਣ’, ‘ਮਹਿਬੂਬ ਕੀ ਮਹਿੰਦੀ’ ਤੇ ‘ਹਾਥੀ ਮੇਰੇ ਸਾਥੀ’ ਨੇ ਉਨ੍ਹਾਂ ਨੂੰ ਬਾਲੀਵੁੱਡ ਦਾ ਸਟਾਰ ਬਣਾ ਦਿੱਤਾ। ਸਾਰੇ ਹਿੰਦੋਸਤਾਨ ਦੀ ਜ਼ੁਬਾਨ ’ਤੇ ਕੇਵਲ ਇਕ ਹੀ ਨਾਂ ਸੀ ਰਾਜੇਸ਼ ਖੰਨਾ। 1966 ਤੋਂ 1991 ਤਕ ਉਨ੍ਹਾਂ ਨੇ 74 ਗੋਲਡਨ ਜੁਬਲੀ ਫਿਲਮਾਂ ਅਤੇ 22 ਡਾਇਮੰਡ ਜੁਬਲੀ ਫਿਲਮਾਂ ਕੀਤੀਆਂ ਸਨ। 1966 ਤੋਂ 2013 ਤਕ ਉਨ੍ਹਾਂ ਨੇ 163 ਫਿਲਮਾਂ ਕੀਤੀਆਂ ਜਿਨ੍ਹਾਂ ’ਚੋਂ 105 ਫਿਲਮਾਂ ਹਿੱਟ ਰਹੀਆਂ ਸਨ। ਸਫਲ ਅਭਿਨੇਤਾ ਦੇ ਨਾਲ- ਨਾਲ ਉਹ ਸਫਲ ਨੇਤਾ ਵੀ ਸਨ। 1992 ਤੋਂ 1996 ਤਕ ਉਹ ਦਿੱਲੀ ਤੋਂ ਕਾਂਗਰਸ ਦੇ ਸੰਸਦ ਮੈਂਬਰ ਵੀ ਰਹੇ। ਰਾਜਨੀਤੀ ’ਚ ਦਿਲਚਸਪੀ ਨਾ ਹੋਣ ਕਾਰਨ ਉਹ ਵਾਪਸ ਮੁੰਬਈ ਚਲੇ ਗਏ ਸਨ। ਉਨ੍ਹਾਂ ਨੂੰ ਬਾਲੀਵੁੱਡ ’ਚ ਬਿਹਤਰੀਨ ਕੰਮ ਕਰਨ ਬਦਲੇ ਤਿੰਨ ਫਿਲਮ ਫੇਅਰ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਰਵੋਤਮ ਅਦਾਕਾਰ ਦਾ ਖਿਤਾਬ ਵੀ ਉਹ ਚਾਰ ਵਾਰ ਜਿੱਤ ਚੁੱਕੇ ਸਨ। 2005 ’ਚ ਉਨ੍ਹਾਂ ਨੂੰ ਫਿਲਮ ਫੇਅਰ ਦਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਮਿਲਿਆ। ਜੀਵਨ ਦੇ ਆਖ਼ਰੀ ਸਫ਼ਰ ਦੌਰਾਨ ਉਹ ਜਿਗਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਹੋ ਗਏ ਸਨ, ਜਿਸ ਨਾਲ ਉਨ੍ਹਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ। 17 ਜੁਲਾਈ , 2012 ਨੂੰ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। 18 ਜੁਲਾਈ 2012 ਨੂੰ ਸਵੇਰ ਸਮੇਂ ਹੀ ਉਨ੍ਹਾਂ ਨੇ ਆਪਣੇ ਘਰ ’ਚ ਪ੍ਰਾਣ ਤਿਆਗ ਦਿੱਤੇ ਸਨ। ਅੱਜ ਉਸ ਮਹਾਨ ਸੁਪਰ ਸਟਾਰ, ਅਭਿਨੇਤਾ ਅਤੇ ਨੇਤਾ ਨੂੰ ਉਨ੍ਹਾਂ ਦੀ ਦਸਵੀਂ ਬਰਸੀ ’ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।





