
ਮਾਨਸਾ/ਫੱਤਾ ਮਾਲੋਕਾ- 16 ਸਤੰਬਰ ( ਗੁਰਜੰਟ ਸਿੰਘ ਬਾਜੇਵਾਲੀਆ ) ਇਨਸਾਫ਼ ਦੀ ਆਵਾਜ਼ ਜਥੇਬੰਦੀ ਸਰਦੂਲਗੜ੍ਹ ਦੇ ਅਹੁੱਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਪੰਜਾਬ ਦੇ ਮੁੱਖ ਬੁਲਾਰਾ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਦੀ ਅਗਵਾਈ ਵਿੱਚ ਫੱਤਾ ਮਾਲੋਕਾ ਵਿਖੇ ਹੋਈ। ਆਪਣੇ ਅਹੁੱਦੇਦਾਰਾਂ ਨੂੰ ਸੰਬੋਧਨ ਕਰਦਿਆਂ ਰਾਏਪੁਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਨੇ ਆਪਣੇ- ਆਪਣੇ ਕਾਰਜਕਾਲ ਵਿੱਚ ਪਰਲ ਕੰਪਨੀ ਨੂੰ ਪਰਮੋਟ ਕੀਤਾ ਸੀ ਅਤੇ ਗਰੀਬ ਲੋਕਾਂ ਨੂੰ ਠੱਗੀ ਦੇ ਜਾਲ ਵਿੱਚ ਫਸਾਇਆ ਸੀ। ਸੁਖਬੀਰ ਸਿੰਘ ਬਾਦਲ ਨੇ ਨਿਰਮਲ ਭੰਗੂ ਨਾਲ ਮਿਲਕੇ ਪਰਲਜ ਵਰਡ ਕਬੱਡੀ ਕੱਪ ਕਰਵਾ ਕੇ ਪੰਜਾਬ ਦੇ 25 ਲੱਖ ਲੋਕਾਂ ਨੂੰ ਗੁਮਰਾਹ ਕਰਕੇ ਪਰਲ ਕੰਪਨੀ ਵਿੱਚ ਫਸਾਇਆ ਅਤੇ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਾਨਸਾ ਤੇ ਬੁਢਲਾਡਾ ਚੋਣ ਰੈਲੀਆਂ ਵਿੱਚ ਕਾਗਰਸ ਦੀ ਸਰਕਾਰ ਬਣਨ ਤੇ ਪਰਲ ਕੰਪਨੀ ਵਿੱਚੋਂ ਲੋਕਾਂ ਦੇ ਪੈਸੇ ਵਾਪਸ ਕਰਵਾਉਣ ਦਾ ਵਾਅਦਾ ਕੀਤਾ ਸੀ ਜੋ ਕਿ ਅਜੇ ਤੱਕ ਕਿਸੇ ਨੂੰ ਇੱਕ ਵੀ ਪੈਸਾ ਵਾਪਸ ਨਹੀਂ ਦਵਾਇਆ। ਰਾਏਪੁਰ ਨੇ ਕਿਹਾ ਕਿ ਇਨਸਾਫ਼ ਦੀ ਆਵਾਜ਼ ਜਥੇਬੰਦੀ ਵੱਲੋਂ ਮੁੱਖ ਮੰਤਰੀ ਦੇ ਨਾਮ 12 ਜੁਲਾਈ ਨੂੰ ਪੂਰੇ ਪੰਜਾਬ ਵਿੱਚ ਐਸ ਡੀ ਐਮ ਨੂੰ ਮੰਗ ਪੱਤਰ ਦਿਤੇ ਸਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਜਲਦੀ ਹੀ ਪੰਜਾਬ ਪੱਧਰ ਤੇ ਪਰਲ ਕੰਪਨੀ ਤੋਂ ਲੋਕਾਂ ਦੇ ਪੈਸੇ ਵਿਆਜ਼ ਸਮੇਤ ਵਾਪਸ ਕਰਵਾਉਣ ਲਈ ਸੰਘਰਸ਼ ਨੂੰ ਤੇਜ਼ ਤੇ ਤਿੱਖਾਂ ਕੀਤਾ ਜਾਵੇਗਾ। ਕੇਦਰ ਸਰਕਾਰ ਵੱਲੋਂ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ਪਾਸ ਕਰਕੇ ਕਿਸਾਨਾਂ ਦੇ ਮੌਤ ਦੇ ਵਾਰੰਟ ਜਾਰੀ ਕੀਤੇ ਗਏ ਹਨ। ਜਿਸਦਾ ਕਿਸਾਨ ਜੱਥੇਬੰਦੀਆਂ ਪਿਛਲੇ 10 ਮਹੀਨਿਆਂ ਤੋਂ ਦਿੱਲੀ ਦੇ ਬਾਡਰਾਂ ਉਤੇ ਵਿਰੋਧ ਕਰ ਰਹੀਆਂ ਹਨ। ਪਰ ਮੋਦੀ ਸਰਕਾਰ ਦਾ ਅੜੀਅਲ ਵਤੀਰਾ ਤਕਰੀਬਨ 700 ਕਿਸਾਨਾਂ ਦੀਆਂ ਸਹਾਦਤਾ ਲੈ ਚੁੱਕਿਆ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਹੈ ਕਿ ਮੈਂ ਸਾਢੇ ਚਾਰ ਸਾਲ ਵਿੱਚ ਪੂਰੇ ਪੰਜਾਬ ਦਾ ਪੂਰਾ ਵਿਕਾਸ ਕਰ ਚੁੱਕਿਆ ਹਾਂ ਅਤੇ ਕਿਸਾਨਾਂ ਦੇ ਧਰਨਿਆਂ ਕਰਕੇ 113 ਜਗਾਹ ਤੇ ਕਾਰਪੋਰੇਟ ਘਰਾਣਿਆਂ ਦਾ ਵਿਕਾਸ ਰੁਕਿਆ ਹੋਇਆ ਹੈ, ਕਿਸਾਨ ਦਿੱਲੀ ਤੇ ਹਰਿਆਣਾ ਵਿੱਚ ਧਰਨੇ ਲਾ ਲੈਣ ਤਾਂ ਕਿ ਮੈਂ ਕਾਰਪੋਰੇਟ ਘਰਾਣਿਆਂ ਦਾ ਵਿਕਾਸ ਕਰ ਸਕਾਂ। ਇਨ੍ਹਾਂ ਕੈਪਟਨ ਦੇ ਸਬਦਾਂ ਦਾ ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਡੱਟਵਾਂ ਵਿਰੋਧ ਕਰਦੀ ਹੈ। ਸੁਖਬੀਰ ਸਿੰਘ ਬਾਦਲ ਦੇ ਮੋਗੇ ਦੀ ਰੈਲੀ ਦੇ ਇਨ੍ਹਾਂ ਸ਼ਬਦਾਂ ਦਾ ਵੀ ਅਸੀਂ ਪੂਰਾ ਵਿਰੋਧ ਕਰਦੇ ਹਾਂ ਜੋ ਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਮੇਰੇ ਇੱਕ ਇਸਾਰੇ ਉਤੇ ਕਿਸਾਨ ਲੱਭਣੇ ਨਹੀਂ। ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਦੇ ਅਹੁੱਦੇਦਾਰਾਂ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਅਸੀਂ ਭਾਰਤ ਬੰਦ ਦਾ ਪੂਰਾ ਖੁਲਕੇ ਸਮੱਰਥਨ ਕਰਦੇ ਹਾਂ। ਰਾਏਪੁਰ ਨੇ ਕਿਹਾ ਕਿ ਅਸੀਂ ਕਿਸਾਨ ਜੱਥੇਬੰਦੀਆਂ ਦੇ ਲੀਡਰਾਂ ਦੀ ਅਗਵਾਈ ਵਿੱਚ ਭਾਰਤ ਬੰਦ ਦੁਰਾਨ ਕਿਸਾਨ ਜੱਥੇਬੰਦੀਆਂ ਦੇ ਨਾਲ ਡੱਟਕੇ ਮੌਢੇ ਨਾਲ ਮੌਢਾ ਲਾਕੇ ਖੜੇ ਹੋਵਾਂਗੇ। ਪਿੰਡ ਫੱਤਾ ਮਾਲੋਕਾ ਵਿਖੇ ਇਨਸਾਫ਼ ਦੀ ਆਵਾਜ਼ ਜਥੇਬੰਦੀ ਸਰਦੂਲਗੜ੍ਹ ਦੀ ਮੀਟਿੰਗ ਵਿੱਚ ਰਾਏਪੁਰ ਤੋਂ ਇਲਾਵਾ ਡਾ ਲਖਵੀਰ ਸਿੰਘ ਫੱਤਾ ਮਾਲੋਕਾ ਬਲਾਕ ਪ੍ਧਾਨ ਸਰਦੂਲਗੜ੍ਹ, ਡਾ ਸੰਤੋਖ ਸਿੰਘ ਕੁਸਲਾ, ਸਾਬਕਾ ਸਰਪੰਚ ਨਵਰੰਗ ਸਿੰਘ ਕਾਹਨੇਵਾਲਾ, ਡਾ ਅਮਰੀਕ ਸਿੰਘ ਫੱਤਾ ਮਾਲੋਕਾ, ਰਾਜਵਿੰਦਰ ਸਿੰਘ ਕਾਲਾ ਝੁਨੀਰ, ਬਿਕਰ ਸਿੰਘ ਫੌਜੀ ਮੋਜੀਆ ਆਦਿ ਹਾਜ਼ਰ ਸਨ।





