ਵਿਆਹ ਦੇ ਦੋ ਮਹੀਨੇ ਬਾਅਦ ਹੀ ਵੀਰਪਾਲ ਕੌਰ ਮੰਦਬੁੱਧੀ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਉਸ ਦੇ ਸਹੁਰਾ ਪਰਿਵਾਰ ਵਾਲੇ ਉਸ ਨੂੰ ਪੇਕੇ ਘਰ ਛੱਡ ਗਏ । ਉਸ ਦੀ ਸਾਂਭ-ਸੰਭਾਲ ਕਰਨ ਲਈ ਪਰਿਵਾਰ ਨੂੰ ਸੰਗਲਾ ਨਾਲ ਬੰਨ ਕੇ ਰੱਖਣਾ ਪੈ ਰਿਹਾ ਹੈ ।

ਤਰਨਤਾਰਨ (ਰਿੰਪਲ ਗੌਲਣ-ਭਿੱਖੀਵਿੰਡ) : ਤਰਨਤਾਰਨ ਦੇ ਪਿੰਡ ਘਰਿਆਲਾ ਵਿਖੇ ਗਰੀਬ ਪਰਿਵਾਰ ਰੱਬ ਦੀ ਕਰੋਪੀ ਦਾ ਸ਼ਿਕਾਰ ਬਣਿਆ ਹੋਇਆ ਹੈ । ਗ਼ਰੀਬੀ ਕਾਰਣ ਉਸ ਪਰਿਵਾਰ ਦੀ ਜਵਾਨ ਧੀ ਮੌਤ ਦੇ ਮੂੰਹ ਵਿੱਚ ਜਾ ਰਹੀ ਹੈ । ਇਸ ਸਬੰਧੀ ਮੁਸ਼ਕਿਲ ਉਜਾਗਰ ਕਰਦਿਆਂ ਪੀੜਤ ਲੜਕੀ ਵੀਰਪਾਲ ਕੌਰ ਉਮਰ 19 ਸਾਲ ਦੇ ਪਿਤਾ ਦੇਸ਼ਾਂ ਸਿੰਘ ਨੇ ਦੱਸਿਆ ਕਿ ਉਸ ਨੇ ਬੜੇ ਹੀ ਰੀਝਾਂ ਤੇ ਚਾਵਾਂ ਨਾਲ ਤਿੰਨ ਸਾਲ ਪਹਿਲਾਂ ਆਪਣੀ ਧੀ ਵੀਰਪਾਲ ਕੌਰ ਦਾ ਵਿਆਹ ਅਨਗੜ ਅੰਮ੍ਰਿਤਸਰ ਵਿਖੇ ਕੀਤਾ ਸੀ । ਪਰ ਵਿਆਹ ਦੇ ਦੋ ਮਹੀਨੇ ਬਾਅਦ ਹੀ ਉਸ ਦੀ ਧੀ ਮੰਦਬੁੱਧੀ ਦਾ ਸ਼ਿਕਾਰ ਹੋ ਗਈ । ਜਿਸ ਕਾਰਨ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਸਾਡੇ ਘਰ ਛੱਡ ਗਿਆ । ਹੁਣ ਇਸ ਦੀ ਸਾਂਭ-ਸੰਭਾਲ ਕਰਨ ਲਈ ਸਾਨੂੰ ਸੰਗਲਾ ਨਾਲ ਬੰਨ ਕੇ ਰਾਖੀ ਕਰਨੀ ਪੈ ਰਹੀ ਹੈ । ਅਸੀਂ ਮਾਂ ਬਾਪ ਹਾਂ ਕਦੀ ਕਦਾਈਂ ਜਦੋਂ ਆਪਣੀ ਲੜਕੀ ਦੇ ਸੰਗਲ ਖੋਲਦੇ ਹਾਂ ਤਾ ਉਹ ਭੱਜ ਜਾਂਦੀ ਹੈ । ਫਿਰ ਇਸ ਨੂੰ ਲੱਭ ਕੇ ਲਿਆਉਣਾ ਪੈਦਾ ਹੈ । ਪੀੜਤ ਲੜਕੀ ਦੀ ਮਾਂ ਰਾਣੀ ਕੌਰ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਤੇ ਇੱਕ ਲੜਕੀ ਹੈ । ਇਸ ਪੀੜਤ ਲੜਕੀ ਦੇ ਇਲਾਜ ਵਾਸਤੇ ਅਸੀਂ ਦਰ ਦਰ ਦੀਆਂ ਠੋਕਰਾਂ ਖਾਣ ਵਾਸਤੇ ਮਜਬੂਰ ਹੋਏ ਪਏ ਹਾਂ । ਮੇਰਾ ਪਤੀ ਰਿਕਸ਼ਾ ਚਾਲਕ ਹੈ ਤੇ ਰਿਕਸ਼ਾ ਚਲਾ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਿਲ ਨਾਲ ਹੁੰਦਾ ਹੈ । ਉਪਰੋ ਅਸੀਂ ਇਸ ਲੜਕੀ ਦੇ ਦਵਾਈ ਦੇ ਬੋਝ ਧੱਲੇ ਦੱਬੇ ਪਏ ਹਾਂ । ਇਹ ਲੜਕੀ ਕਈ ਵਾਰ ਤਾਂ ਰੋਟੀ ਖਾ ਲੈਂਦੀ ਹੈ ਪਰ ਕਈ ਵਾਰ ਕਈ ਕਈ ਦਿਨ ਭੁੱਖੀ ਰਹਿੰਦੀ ਹੈ । ਪੀੜਤ ਲੜਕੀ ਦੇ ਵਾਰਸਾਂ ਨੇ ਸਰਕਾਰ, ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਕਿ ਮੰਦਬੁੱਧੀ ਦਾ ਸ਼ਿਕਾਰ ਹੋਈ ਲੜਕੀ ਦੇ ਇਲਾਜ ਵਾਸਤੇ ਮਦਦ ਕੀਤੀ ਜਾਵੇ ।






