ਪਿਛਲੇ 12 ਸਾਲਾਂ ਤੋਂ ਆਸ਼ਾ ਵਰਕਰਾਂ ਨਿਗੂਨੇ ਭੱਤੇ ਤੇ ਕੰਮ ਕਰ ਰਹੀਆਂ ਹਨ : ਭੈਣੀਬਾਘਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬਲਾਕ ਖਿਆਲਾ ਦੀਆਂ ਆਸ਼ਾ ਵਰਕਰਾਂ ਨੇ ਪੀ.ਐਸ.ਸੀ. ਖਿਆਲਾ ਵਿਖੇ ਧਰਨਾ ਲਗਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਪਧਾਨ ਬਲਵਿੰਦਰ ਕੌਰ ਭੈਣੀਬਾਘਾ ਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ ਆਸ਼ਾ ਵਰਕਰਾਂ ਨਿਗੂਨੇ ਭੱਤੇ ਤੇ ਕੰਮ ਕਰ ਰਹੀਆਂ ਹਨ ਅਤੇ ਕਰੋਨਾ ਮਹਾਂਮਾਰੀ ਦੌਰਾਨ ਵੀ ਅਸੀਂ ਫਰੰਟ ਲਾਈਨ ਤੇ ਕੰਮ ਕਰ ਰਹੀਆਂ ਹਾਂ। ਉਹਨਾਂ ਆਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਫਸੈਲੀਟੇਟਰਾਂ ਨੂੰ 500 ਰੁਪਏ ਪ੍ਰਤੀ ਟੂਰ ਦਿੱਤਾ ਜਾਵੇ, ਆਸ਼ਾ ਤੇ ਫੈਸਲੀਟੇਟਰ ਨੂੰ 15000 ਰੁਪਏ ਬੱਝਵਾਂ ਭੱਤਾ ਦਿੱਤਾ ਜਾਵੇ, ਆਸ਼ਾ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ, ਆਸ਼ਾ ਵਰਕਰਾਂ ਨੂੰ ਆਂਗਣਵਾੜੀ ਦੀ ਤਰ੍ਹਾਂ ਕਮਰਾ ਲਾਗੂ ਕੀਤਾ ਜਾਵੇ ਹਰਿਆਣਾ ਪੈਟਰਨ ਤੇ 4000 ਰੁਪਏ ਭੱਤਾ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀਆਂ ਇਹ ਹੱਕੀ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪਰਮਿਲਾ ਰਾਣੀ ਖਿਆਲਾ, ਜਸਵੀਰ ਕੌਰ ਖਿਆਲਾ, ਵੀਰਪਾਲ ਕੌਰ ਉੱਭਾ, ਹਰਦੇਵ ਕੌਰ ਫੈਸਲੀਟੇਟਰ, ਪਰਮਜੀਤ ਕੌਰ ਫੈਸਲੀਟੇਟਰ ਅਤੇ ਸਮੂਹ ਆਸ਼ਾ ਵਰਕਰ ਹਾਜਰ ਸਨ।





