ਨਵੀਂ ਦਿੱਲੀ, : ਬਾਲੀਵੁੱਡ ਦੇ ਮਸ਼ਹੂਰ ਗਾਇਕ ਕੇਕੇ ਦੇ ਅਚਾਨਕ ਦੇਹਾਂਤ ਕਾਰਨ ਬਾਲੀਵੁੱਡ ਜਗਤ ਸਮੇਤ ਲੱਖਾਂ ਪ੍ਰਸ਼ੰਸਕ ਸਦਮੇ ਵਿੱਚ ਹਨ। ਇਸ ਦੌਰਾਨ ਕੇ.ਕੇ ਦੀ ਅਚਾਨਕ ਹੋਈ ਮੌਤ ਨੂੰ ਗੈਰ-ਕੁਦਰਤੀ ਮੌਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਈ ਹੈ। ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ।
ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਸ਼ਾਮ ਕੋਲਕਾਤਾ ‘ਚ ਇਕ ਲਾਈਵ ਕੰਸਰਟ ਦੌਰਾਨ ਉਨ੍ਹਾਂ ਦੀ ਸਿਹਤ ਵਿਗੜਨ ਦੀ ਸ਼ਿਕਾਇਤ ਹੋਈ, ਜਿਸ ਤੋਂ ਕੁਝ ਦੇਰ ਬਾਅਦ ਉਹ ਅਚਾਨਕ ਸਟੇਜ ‘ਤੇ ਡਿੱਗ ਗਏ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਨਿਊਜ਼ ਏਜੰਸੀ ਏਐਨਆਈ ਮੁਤਾਬਕ ਗਾਇਕ ਕੇਕੇ ਦੀ ਮੌਤ ਸਬੰਧੀ ਨਿਊ ਮਾਰਕੀਟ ਥਾਣੇ ਵਿੱਚ ਕੁਦਰਤੀ ਮੌਤ ਦਾ ਕੇਸ ਦਰਜ ਕੀਤਾ ਗਿਆ ਹੈ। ਪਰਿਵਾਰ ਦੀ ਸਹਿਮਤੀ ਮਿਲਣ ਤੋਂ ਬਾਅਦ ਪੁੱਛਗਿੱਛ ਅਤੇ ਪੋਸਟਮਾਰਟਮ ਕੀਤਾ ਜਾਵੇਗਾ। ਕੋਲਕਾਤਾ ਦੇ ਐਸਐਸਕੇਐਮ ਹਸਪਤਾਲ ਵਿੱਚ ਪੋਸਟਮਾਰਟਮ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਖਬਰਾਂ ਮੁਤਾਬਕ ਗਾਇਕ ਕੇਕੇ ਦੀ ਲਾਸ਼ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ।



