
ਸੈਕਰਾਮੈਂਟੋ 19ਜਨਵਰੀ (ਹੁਸਨ ਲੜੋਆ ਬੰਗਾ)-ਨਿਊਯਾਰਕ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਸ਼ਨਿਚਰਵਾਰ ਦੀ ਸਵੇਰ ਨੂੰ ਟਾਈਮ ਸਕੁਐਰ ਸਬ ਵੇਅ ਰੇਲਵੇ ਸਟੇਸ਼ਨ ‘ਤੇ ਰੇਲ ਗੱਡੀ ਅੱਗੇ ਧੱਕਾ ਦੇ ਕੇ ਮਾਰੀ ਗਈ ਔਰਤ ਏਸ਼ੀਅਨ ਮੂਲ ਦੀ ਸੀ ਤੇ ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਸੈਕੰਡ ਡਿਗਰੀ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਗ੍ਰਿਫਤਾਰ ਵਿਅਕਤੀ ਦੀ ਪਛਾਣ 61 ਸਾਲਾ ਸਿਮਨ ਮਾਰਟੀਅਲ ਵਜੋਂ ਹੋਈ ਹੈ ਜਦ ਕਿ ਮ੍ਰਿਤਕ ਔਰਤ ਦੀ ਪਛਾਣ 40 ਸਾਲਾ ਮਿਚੈਲ ਅਲੀਸਾ ਗੋ ਵਜੋਂ ਹੋਈ ਹੈ। ਪੁਲਿਸ ਅਨੁਸਾਰ ਘਟਨਾ ਤੋਂ ਇਕ ਘੰਟੇ ਦੇ ਵੀ ਘੱਟ ਸਮੇ ਬਾਅਦ ਕਥਿੱਤ ਦੋਸ਼ੀ ਮਾਰਟੀਅਲ ਨੇ ਆਪਣੇ ਆਪ ਨੂੰ ਪੁਲਿਸ ਅੱਗੇ ਪੇਸ਼ ਕਰ ਦਿੱਤਾ ਸੀ ਜਿਸ ‘ਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ। ਨਿਊਯਾਰਕ ਪੁਲਿਸ ਵਿਭਾਗ ਦੇ ਸਾਰਜੈਂਟ ਅਨਵਰ ਇਸ਼ਮਾਈਲ ਨੇ ਕਿਹਾ ਹੈ ਕਿ ਇਹ ਅਚਨਚੇਤ ਬਿਨਾਂ ਸੋਚੇ ਸਮਝੇ ਵਾਪਰੀ ਘਟਨਾ ਹੈ। ਪੁਲਿਸ ਦੇ ਕਮਿਸ਼ਨਰ ਕੀਚਾਂਤ ਸੀਵੈਲ ਨੇ ਕਿਹਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਡੂੰਘਾਈ ਨਾਲ ਜਾਂਚ ਹੋ ਰਹੀ ਹੈ।


