16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਣਕ ਦਾ ਝਾੜ ਘੱਟਣ ਕਾਰਨ ਕਿਸਾਨਾਂ ’ਚ ਹਾਹਾਕਾਰ, ਕੇਂਦਰ ਤੇ ਪੰਜਾਬ ਸਰਕਾਰ...

ਕਣਕ ਦਾ ਝਾੜ ਘੱਟਣ ਕਾਰਨ ਕਿਸਾਨਾਂ ’ਚ ਹਾਹਾਕਾਰ, ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਦੇਣ ਦੀ ਮੰਗ

ਖੰਨਾ, 12 ਅਪਰੈਲ (ਪਰਮਜੀਤ ਸਿੰਘ ਧੀਮਾਨ) – ਇਸ ਵਾਰ ਕਣਕ ਦੀ ਨਵੀਂ ਫਸਲ ਦਾ ਝਾੜ ਪਿਛਲੇ ਵਰ੍ਹੇ ਦੇ ਮੁਕਾਬਲੇ ਬਹੁਤ ਘੱਟ ਹੋਣ ਕਾਰਨ ਕਿਸਾਨਾਂ ’ਚ ਭਾਰੀ ਮਾਯੂਸੀ ਅਤੇ ਹਾਹਾਕਾਰ ਮੱਚ ਗਈ ਹੈ। ਇਸ ਵਾਰ ਮੰਡੀਆਂ ਵਿਚ ਕਣਕ ਘੱਟ ਪੁੱਜ ਰਹੀ ਹੈ, ਇਸਦਾ ਮੁੱਖ ਕਾਰਨ ਜਿੱਥੇ ਫਸਲ ਪੱਕਣ ਵਿਚ ਦੇਰੀ ਹੋਈ ਹੈ, ਉੱਥੇ ਸਖ਼ਤ ਗਰਮੀ ਪੈਣ ਕਾਰਨ ਝਾੜ ਵੀ ਘੱਟ ਗਿਆ ਹੈ। ਖੰਨਾ ਦੀ ਅਨਾਜ ਮੰਡੀ ਵਿਚ ਮਿਲੇ ਕਿਸਾਨ ਯੂਨੀਅਨ ਦੇ ਆਗੂ ਜਸਵੰਤ ਸਿੰਘ ਬੀਜਾ ਨੇ ਦੱਸਿਆ ਕਿ ਪਿਛਲੇ ਵਰ੍ਹੇ ਦੇ ਮੁਕਾਬਲੇ ਪ੍ਰਤੀ ਏਕੜ ਝਾੜ ਅੱਧ ਤੋਂ ਵੀ ਘੱਟ ਨਿਕਲ ਰਿਹਾ ਹੈ ਅਤੇ ਉਨ੍ਹਾਂ ਦੀ ਆਪਣੀ ਕਣਕ ਦਾ ਝਾੜ ਢਾਈ ਗੁਣਾਂ ਘਟਿਆ ਹੈ। ਸ੍ਰੀ ਬੀਜਾ ਅਨੁਸਾਰ ਪਿਛਲੇ ਵਰ੍ਹੇ ਉਨ੍ਹਾਂ ਦਾ ਪ੍ਰਤੀ ਏਕੜ ਕਣਕ ਦਾ ਝਾੜ 22 ਕੁਇੰਟਲ ਸੀ ਜੋ ਇਸ ਵਾਰ ਸਿਰਫ਼ 10 ਕੁਇੰਟਲ 80 ਕਿਲੋ ਨਿਕਲਿਆ, ਜਿਸ ਨਾਲ ਉਨ੍ਹਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ ਸਗੋਂ ਘਾਟਾ ਪਿਆ ਹੈ। ਇਸੇ ਤਰ੍ਹਾਂ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਉਸਦਾ ਪਿਛਲੇ ਵਰ੍ਹੇ ਕਣਕ ਦਾ ਪ੍ਰਤੀ ਏਕੜ ਝਾੜ 23 ਕੁਇੰਟਲ ਸੀ ਜੋ ਇਸ ਵਾਰ ਘੱਟ ਕੇ ਸਿਰਫ਼ 11 ਕੁਇੰਟਲ ਰਹਿ ਗਿਆ ਹੈ। ਪਿੰਡ ਭੋਰਲਾ ਦੇ ਵਸਨੀਕ ਕਿਸਾਨ ਪ੍ਰਗਟ ਸਿੰਘ ਅਨੁਸਾਰ ਇਸ ਵਾਰ ਉਸਦੀ ਕਣਕ ਦਾ ਪ੍ਰਤੀ ਏਕੜ ਝਾੜ ਸਾਢੇ 12 ਕੁਇੰਟਲ ਨਿਕਲਿਆ ਹੈ ਜਦੋਂ ਕਿ ਪਿਛਲੇ ਵਰ੍ਹੇ 24 ਕੁਇੰਟਲ ਪ੍ਰਤੀ ਏਕੜ ਸੀ। ਪਿੰਡ ਰੁਪਾਲੋਂ ਦੇ ਕਿਸਾਨ ਰਣਯੋਧ ਸਿੰਘ ਨੇ ਦੱਸਿਆ ਕਿ ਉਸਦੀ ਫਸਲ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ ਸਾਢੇ 7 ਕੁਇੰਟਲ ਘਟਿਆ ਹੈ। ਇਸੇ ਤਰ੍ਹਾਂ ਇਕ ਹੋਰ ਕਿਸਾਨ ਦੀ ਫਸਲ ਪਿਛਲੇ ਵਰ੍ਹੇ ਦੇ ਮੁਕਾਬਲੇ ਸਿਰਫ਼ ਤੀਜਾ ਹਿੱਸਾ ਯਾਨੀ ਕਿ 7 ਕੁਇੰਟਲ ਪ੍ਰਤੀ ਏਕੜ ਹੀ ਰਹਿ ਗਈ। ਉਪਰੋਕਤ ਤੋਂ ਇਲਾਵਾ ਹੋਰ ਵੀ ਕਿਸਾਨ ਇਸ ਮਾਮਲੇ ਵਿਚ ਡਾਢੇ ਦੁੱਖੀ ਦਿਖੇ ਅਤੇ ਕਿਹਾ ਕਿ ਇਸ ਵਾਰ ਮੰਡੀਆਂ ਵਿਚ ਤਾਂ ਕੀ ਉਹ ਤਾਂ ਖੇਤਾਂ ਵਿਚ ਹੀ ਰੁਲ ਗਏ ਹਨ। ਇਸ ਦੇ ਨਾਲ ਹੀ ਕਣਕ ਦਾ ਝਾੜ ਘੱਟਣ ਕਾਰਨ ਮੰਡੀ ਵਿਚ ਕਣਕ ਦੀ ਰਫ਼ਤਾਰ ਵੀ ਬਹੁਤ ਸੁਸਤ ਹੋ ਗਈ ਹੈ। ਇਨ੍ਹਾਂ ਕਿਸਾਨਾਂ ਨੇ ਮੰਗ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਪੀੜ੍ਹਤ ਕਿਸਾਨਾਂ ਨੂੰ ਪਹਿਲ ਦੇ ਅਧਾਰ ’ਤੇ ਪਏ ਘਾਟੇ ਨੂੰ ਪੂਰਾ ਕਰਦਿਆਂ ਮੁਆਵਜ਼ਾ ਦੇਣ ਦਾ ਐਲਾਨ ਕਰੇ।

Today Now News

RELATED ARTICLES
- Advertisment -

POPULAR POSTS