ਅਰਜੁਨ ਦੀ ਭੈਣ ਸਾਰਾ ਤੇਂਦੁਲਕਰ ਅਤੇ ਮੁੰਬਈ ਇੰਡੀਅਨਜ਼ ਦੇ ਮੁੱਖ ਕੋਚ ਮਹੇਲਾ ਜੈਵਰਧਨੇ ਨੇ ਕੀਤਾ ਬਚਾਅ

ਨਵੀਂ ਦਿੱਲੀ (ਏਜੇਂਸੀ) : ਵੀਰਵਾਰ ਨੂੰ ਆਈਪੀਐੱਲ ਨਿਲਾਮੀ ਵਿਚ ਮੁੰਬਈ ਇੰਡੀਅਨਜ਼ ਨੇ 20 ਲੱਖ ਰੁਪਏ ਮੁੱਲ ‘ਤੇ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਨੂੰ ਖ਼ਰੀਦਿਆ। ਸਚਿਨ ਆਈਪੀਐੱਲ ਵਿਚ ਮੁੰਬਈ ਇੰਡੀਅਨਜ਼ ਦੇ ਕਪਤਾਨ ਰਹੇ ਹਨ ਤੇ ਹੁਣ ਮੇਂਟਰ ਹਨ। ਅਰਜੁਨ ਦੇ ਇਸ ਟੀਮ ਵਿਚ ਚੁਣੇ ਜਾਂਦੇ ਹੀ ਉਨ੍ਹਾਂ ‘ਤੇ ਪਰਿਵਾਰਵਾਦ ਦੇ ਤੀਰ ਚਲਾਏ ਜਾਣ ਲੱਗੇ ਹਨ। ਇਸੇ ਸਾਲ ਜਨਵਰੀ ਵਿਚ ਉਨ੍ਹਾਂ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਮੁੰਬਈ ਦੀ ਸੀਨੀਅਰ ਟੀਮ ਲਈ ਸ਼ੁਰੂਆਤੀ ਮੈਚ ਖੇਡਿਆ ਸੀ। 2018 ਵਿਚ ਉਨ੍ਹਾਂ ਨੇ ਅੰਡਰ-19 ਵਿਚ ਸ਼ੁਰੂਆਤ ਕੀਤੀ ਸੀ। ਹਾਲਾਂਕਿ 2020 ਦੇ ਅੰਡਰ-19 ਵਿਸ਼ਵ ਕੱਪ ‘ਚ ਉਨ੍ਹਾਂ ਨੂੰ ਨਹੀਂ ਚੁਣਿਆ ਗਿਆ ਸੀ। ਪਰਿਵਾਰਵਾਦ ਦੇ ਦੋਸ਼ਾਂ ਵਿਚਾਲੇ ਭੈਣ ਸਾਰਾ ਨੇ ਮੋਰਚਾ ਸੰਭਾਲਿਆ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ਤੁਹਾਡੇ ਕੋਲੋਂ ਕੋਈ ਇਹ ਉਪਲੱਬਧੀ ਵਾਪਸ ਨਹੀਂ ਲੈ ਸਕਦਾ। ਇਹ ਬਿਲਕੁਲ ਤੁਹਾਡੀ ਹੈ। ਮੁੰਬਈ ਇੰਡੀਅਨਜ਼ ਦੇ ਮੁੱਖ ਕੋਚ ਮਹੇਲਾ ਜੈਵਰਧਨੇ ਨੇ ਵੀ ਅਰਜੁਨ ਨੂੰ ਚੁਣੇ ਜਾਣ ਦੇ ਫ਼ੈਸਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਰਜੁਨ ਨੂੰ ਸਿਰਫ਼ ਉਨ੍ਹਾਂ ਦੀ ਯੋਗਤਾ ਦੇ ਆਧਾਰ ‘ਤੇ ਹੀ ਚੁਣਿਆ ਗਿਆ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਸਚਿਨ ਦਾ ਪੁੱਤਰ ਹੋਣ ‘ਤੇ ਉਨ੍ਹਾਂ ਦੇ ਨਾਲ ਬਹੁਤ ਵੱਡਾ ਨਾਂ ਜੁੜਿਆ ਹੋਇਆ ਹੈ ਪਰ ਕਿਸਮਤ ਨਾਲ ਉਹ ਇਕ ਗੇਂਦਬਾਜ਼ ਹੈ, ਬੱਲੇਬਾਜ਼ ਨਹੀਂ ਤੇ ਸਚਿਨ ਜੇ ਅਰਜੁਨ ਵਾਂਗ ਗੇਂਦਬਾਜ਼ੀ ਕਰ ਸਕਦੇ ਤਾਂ ਉਹ ਬਹੁਤ ਮਾਣ ਮਹਿਸੂਸ ਕਰਦੇ।






