16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨੀਤੀ ਆਯੋਗ ਵੱਲੋਂ ਜ਼ਿਲ੍ਹਾ ਮੋਗਾ ਦੇ ਵਿਕਾਸ ਕਾਰਜਾਂ ਲਈ 6 ਕਰੋੜ ਰੁਪਏ...

ਨੀਤੀ ਆਯੋਗ ਵੱਲੋਂ ਜ਼ਿਲ੍ਹਾ ਮੋਗਾ ਦੇ ਵਿਕਾਸ ਕਾਰਜਾਂ ਲਈ 6 ਕਰੋੜ ਰੁਪਏ ਦੀ ਰਾਸ਼ੀ ਨੂੰ ਪ੍ਰਵਾਨਗੀ

ਮੋਗਾ, 14 ਅਪ੍ਰੈਲ (000) – ਭਾਰਤ ਸਰਕਾਰ ਦੇ ਅਦਾਰੇ ਨੀਤੀ ਆਯੋਗ ਵੱਲੋਂ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਜ਼ਿਲ੍ਹਾ ਮੋਗਾ ਦੇ ਵਿਕਾਸ ਕਾਰਜਾਂ ਲਈ 6 ਕਰੋੜ ਰੁਪਏ ਦੀ ਰਾਸ਼ੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹ ਰਾਸ਼ੀ ਸਿੱਖਿਆ, ਸਿਹਤ, ਖੇਤੀਬਾੜੀ ਅਤੇ ਪਸ਼ੂ ਪਾਲਣ ਖੇਤਰਾਂ ਵਿੱਚ ਸੁਧਾਰ ਕਰਨ ਲਈ ਖਰਚੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਵੱਲੋਂ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਜ਼ਿਲ੍ਹਾ ਮੋਗਾ ਦੀ ਐਸ ਪੀ ਵੀ (ਸਪੈਸ਼ਲ ਪਰਪਜ਼ ਵਹੀਕਲ) ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਿਛਲੇ ਸਮੇਂ ਦੌਰਾਨ ਨੀਤੀ ਆਯੋਗ ਨੂੰ 8 ਵੱਖ ਵੱਖ ਵਿਕਾਸ ਕਾਰਜਾਂ ਲਈ 5 ਕਰੋੜ, 99 ਲੱਖ, 84 ਹਜ਼ਾਰ, 302 ਰੁਪਏ ਦੀ ਮੰਗ ਕੀਤੀ ਸੀ ਜੋ ਕਿ ਨੀਤੀ ਆਯੋਗ ਵੱਲੋਂ ਪ੍ਰਵਾਨ ਕਰ ਲਈ ਗਈ ਹੈ। ਇਸ ਵਿੱਚੋਂ 3 ਕਰੋੜ 75 ਲੱਖ 73 ਹਜ਼ਾਰ 752 ਰੁਪਏ ਰਾਸ਼ੀ ਨਾਲ ਜ਼ਿਲ੍ਹਾ ਮੋਗਾ ਦੇ 31 ਪ੍ਰਾਇਮਰੀ ਸਕੂਲਾਂ ਵਿੱਚ ਸੋਲਰ ਸਿਸਟਮ ਅਤੇ 4 ਸ਼ਹਿਰੀ ਪ੍ਰਾਇਮਰੀ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਸਥਾਪਤ ਕੀਤਾ ਜਾਵੇਗਾ। ਪਸ਼ੂ ਪਾਲਣ ਵਿਭਾਗ ਦੀ ਲੋੜ ਮੁਤਾਬਿਕ ਵੈਟਰਨਰੀ ਪੋਲੀਕਲੀਨਿਕ ਲਈ 7 ਲੱਖ ਰੁਪਏ ਨਾਲ ਸੀਰਮ ਐਨਾਲਾਈਜ਼ਰ ਅਤੇ 15 ਲੱਖ ਰੁਪਏ ਨਾਲ ਵੈਕਸੀਨ ਦੀ ਟਰਾਂਸਪੋਰਟੇਸ਼ਨ ਲਈ ਰੈਫਰੀਜਰੇਟਰ ਯੁਕਤ ਵੈਨ ਦੀ ਖਰੀਦ ਕੀਤੀ ਜਾਣੀ ਹੈ।
ਇਸੇ ਤਰ੍ਹਾਂ ਸਿਹਤ ਵਿਭਾਗ ਵੱਲੋਂ 16 ਲੱਖ 46 ਹਜ਼ਾਰ ਰੁਪਏ ਨਾਲ ਏ ਸਕੈਨ, ਸਲਿਟ ਲੈਂਪ, ਨਾਨ ਕੋਂਟੈਕਟ ਟੈਨੋਮੀਟਰ, ਅੱਖ ਵਿਭਾਗ ਲਈ ਮੋਟਰਾਈਜ਼ਡ ਚੇਅਰ ਟੇਬਲ ਖਰੀਦੇ ਜਾਣੇ ਹਨ। ਡਾਇਗਨੋਸਟਿਕ ਸੈਂਟਰਾਂ ਦੀ ਕਾਇਆ ਕਲਪ ਕਰਨ ਲਈ 5 ਲੱਖ 4 ਹਜ਼ਾਰ 550 ਰੁਪਏ ਖਰਚਣ ਦਾ ਪ੍ਰਸਤਾਵ ਹੈ। ਜ਼ਿਲ੍ਹਾ ਹਸਪਤਾਲ ਦੇ ਦੰਦਾਂ ਦੇ ਵਿਭਾਗ ਲਈ ਪੂਰੀ ਤਰ੍ਹਾਂ ਸਵੈਚਾਲਤ ਡੈਂਟਲ ਚੇਅਰ ਯੂਨਿਟ ਖਰੀਦਣ ਉੱਤੇ 3 ਲੱਖ 60 ਹਜ਼ਾਰ ਰੁਪਏ ਖਰਚੇ ਜਾਣੇ ਹਨ। ਇਸ ਰਾਸ਼ੀ ਵਿੱਚੋਂ 1 ਕਰੋੜ 30 ਲੱਖ ਰੁਪਏ ਨਾਲ ਜ਼ਿਲ੍ਹਾ ਮੋਗਾ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਮਿੱਟੀ ਪਰਖ਼ ਪ੍ਰਯੋਗਸ਼ਾਲਾ ਅਤੇ ਪਲਾਂਟ ਕਲੀਨਿਕ ਦੀ ਸਥਾਪਨਾ ਵੀ ਕੀਤੀ ਜਾਵੇਗੀ।
ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵੀ ਨੀਤੀ ਆਯੋਗ ਵੱਲੋਂ ਜ਼ਿਲ੍ਹਾ ਮੋਗਾ ਨੂੰ 3 ਕਰੋੜ ਰੁਪਏ ਦੀ ਰਾਸ਼ੀ ਭੇਜੀ ਗਈ ਸੀ ਜਿਸ ਵਿੱਚੋਂ 2 ਕਰੋੜ 66 ਲੱਖ 5 ਹਜ਼ਾਰ 179 ਰੁਪਏ ਨਾਲ 20 ਬੇਲਰ ਸਮੇਤ ਰੇਕ ਖਰੀਦੇ ਗਏ ਸਨ। ਇਹ ਬੇਲਰ ਕਿਸਾਨਾਂ ਨੂੰ ਫਸਲ ਦੀ ਰਹਿੰਦ ਖੂਹੰਦ ਦੇ ਸੁਚੱਜੇ ਪ੍ਰਬੰਧਨ ਵਿੱਚ ਕਾਫ਼ੀ ਸਹਾਈ ਸਿੱਧ ਹੋ ਰਹੇ ਹਨ। ਇਸ ਰਾਸ਼ੀ ਵਿੱਚੋਂ ਵਿਆਜ ਸਮੇਤ ਬਕਾਇਆ ਪਈ 39 ਲੱਖ 29 ਹਜ਼ਾਰ 273 ਰੁਪਏ ਨੂੰ ਕਿਸ ਮਕਸਦ ਲਈ ਖਰਚਿਆ ਜਾਣਾ ਚਾਹੀਦਾ ਹੈ ਇਸ ਬਾਰੇ ਅਧਿਕਾਰੀਆਂ ਤੋਂ ਪ੍ਰਸਤਾਵਾਂ ਦੀ ਮੰਗ ਕੀਤੀ ਗਈ ਹੈ।
ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ਰਾਸ਼ੀ ਨੂੰ ਵਰਤਣ ਲਈ ਵਿਭਾਗੀ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ ਤਾਂ ਜੋ ਇਹਨਾਂ ਵਿਕਾਸ ਕਾਰਜਾਂ ਨੂੰ ਵਿੱਤੀ ਨਿਯਮਾਂ ਅਨੁਸਾਰ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾ ਸਕੇ। ਮੀਟਿੰਗ ਵਿੱਚ ਸ੍ਰ ਹਰਚਰਨ ਸਿੰਘ ਅਤੇ ਸ੍ਰ ਰਵਿੰਦਰਪਾਲ ਸਿੰਘ ਸੰਧੂ (ਦੋਵੇਂ ਵਧੀਕ ਡਿਪਟੀ ਕਮਿਸ਼ਨਰ) ਅਤੇ ਸਬੰਧਤ ਮੈਂਬਰ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS