16.8 C
Chandigarh

TODAY NOW NEWS

Friday, March 20, 2026
HomeBREAKING NEWSਡਾ.ਐਸ.ਪੀ.ਸਿੰਘ ਓਬਰਾਏ ਨੇ ਬਚਾਈ ਇੱਕ ਹੋਰ ਜ਼ਿੰਦਗੀ

ਡਾ.ਐਸ.ਪੀ.ਸਿੰਘ ਓਬਰਾਏ ਨੇ ਬਚਾਈ ਇੱਕ ਹੋਰ ਜ਼ਿੰਦਗੀ

ਬਲੱਡ ਮਨੀ ਦੇ ਕੇ ਫਾਂਸੀ ਦੀ ਸਜ਼ਾ ਤੋਂ ਬਚਾਇਆ ਸੋਹਨ ਲਾਲ

ਡਾ. ਓਬਰਾਏ ਦੀ ਬਦੌਲਤ ਮਿਲਿਆ ਦੂਸਰਾ ਜੀਵਨ : ਸੋਹਨ ਲਾਲ

ਹੁਣ ਤੱਕ 117 ਨੌਜਵਾਨਾਂ ਨੂੰ ਮੌਤ ਦੀ ਸਜ਼ਾ ਤੋਂ ਬਚਾਇਆ : ਡਾ.ਓਬਰਾਏ

ਫਿਰੋਜ਼ਪੁਰ,9 ਸਤੰਬਰ ( ਹਰਜਿੰਦਰ ਸਿੰਘ ਕਤਨਾ )- ਅਰਬ ਦੇਸ਼ਾਂ ‘ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਕੇ ਹਜ਼ਾਰਾਂ ਘਰ ਸੁੰਞੇ ਹੋਣ ਤੋਂ ਬਚਾਉਣ ਵਾਲੇ ਦੁਬਈ ਦੇ ਵੱਡੇ ਦਿਲ ਵਾਲੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਮੁੜ ਦੁਬਈ ‘ਚ ਮੌਤ ਦੀ ਸਜ਼ਾ ਭੁਗਤ ਰਹੇ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਜੈਨਪੁਰ ਦੇ ਸੋਹਨ ਲਾਲ ਨੂੰ ਆਪਣੇ ਕੋਲੋਂ ਬਲੱਡ ਮਨੀ ਦੇ ਕੇ ਮੌਤ ਦੇ ਮੂੰਹ ਚੋਂ ਬਚਾ ਕੇ ਆਪਣੀ ਸੇਵਾ ਦੇ ਇਤਿਹਾਸ ਵਿੱਚ ਮੁੜ ਇੱਕ ਹੋਰ ਸੁਨਹਿਰੀ ਪੰਨਾ ਜੋੜ ਦਿੱਤਾ ਹੈ।
ਮੌਤ ਦੇ ਮੂੰਹ ‘ਚੋਂ ਨਿਕਲ ਕੇ ਬੀਤੀ ਰਾਤ ਆਪਣੇ ਪਰਿਵਾਰ ਕੋਲ ਪਹੁੰਚੇ ਸੋਹਨ ਲਾਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ‘ਚ ਅੱਜ ਇੱਥੇ ਇੱਕ ਪ੍ਰੈੱਸ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਦੁਬਈ ਅੰਦਰ 9 ਜੂਨ 2016 ਨੂੰ ਹੋਏ ਇੱਕ ਝਗੜੇ ਦੌਰਾਨ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਸ਼ਾਹਕੋਟ ਦੇ ਪਿੰਡ ਡਡਹਾ ਦੌਲਤਪੁਰ ਨਾਲ ਸਬੰਧਿਤ ਜਸਵੀਰ ਸਿੰਘ ਦੀ ਮੌਤ ਹੋ ਗਈ ਸੀ, ਜਿਸ ਉਪਰੰਤ ਦੁਬਈ ਪੁਲਿਸ ਨੇ ਇਸ ਕੇਸ ‘ਚ ਸੋਹਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਬਾਅਦ ‘ਚ ਕੇਸ ਚੱਲਣ ਦੌਰਾਨ ਅਦਾਲਤ ਨੇ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ। ਡਾ. ਓਬਰਾਏ ਨੇ ਦੱਸਿਆ ਕਿ ਜਦ ਇਸ ਕੇਸ ਦੇ ਹੱਲ ਸਬੰਧੀ ਰਿਟਾਇਰਡ ਆਈ.ਪੀ.ਐੱਸ. ਸੱਜਣ ਸਿੰਘ ਚੀਮਾ ਨੇ ਉਨ੍ਹਾਂ ਨੂੰ ਮਿਲ ਕੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਬਲੱਡ ਮਨੀ ਲੈਣ ਲਈ ਰਾਜ਼ੀ ਕਰਨ ਉਪਰੰਤ ਪਰਿਵਾਰ ਕੋਲੋਂ ਸਹਿਮਤੀ ਲੈ ਕੇ ਮੌਤ ਦੀ ਸਜ਼ਾਯਾਫ਼ਤਾ ਸੋਹਨ ਲਾਲ ਪੁੱਤਰ ਕਰਮ ਚੰਦ ਦਾ ਕੋਰਟ ਕੇਸ ਲੜਿਆ ਅਤੇ ਪੀੜਤ ਪਰਿਵਾਰ ਨੂੰ ਆਪਣੇ ਕੋਲੋਂ ਬਲੱਡ ਮਨੀ ਦੇ ਕੇ ਉਸ ਦੀ ਫ਼ਾਂਸੀ ਮੁਆਫ਼ ਕਰਵਾਉਣ ਉਪਰੰਤ ਅੱਜ ਕਰੀਬ 5 ਸਾਲ 2 ਮਹੀਨਿਆਂ ਬਾਅਦ ਜੇਲ੍ਹ ਦੀ ਕੋਠੜੀ ‘ਚੋਂ ਕੱਢ ਕੇ ਉਸ ਨੂੰ ਪਰਿਵਾਰ ‘ਚ ਲੈ ਆਂਦਾ ਹੈ।


ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਤੱਕ ਅਰਬ ਜੇਲ੍ਹਾਂ ਤੋਂ 117 ਨੌਜਵਾਨਾਂ ਨੂੰ ਫਾਂਸੀ ਜਾਂ ਉਮਰ ਕੈਦ ਤੋਂ ਬਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਚ 85 ਨੌਜਵਾਨ ਪੰਜਾਬ, 2 ਹਰਿਆਣਾ, 3 ਹੈਦਰਾਬਾਦ,1 ਗੁਜਰਾਤ,1 ਬਿਹਾਰ, 2 ਮਹਾਂਰਾਸ਼ਟਰ, 17 ਪਾਕਿਸਤਾਨ, 1 ਫ਼ਿਲਪਾਈਨ ਅਤੇ 5 ਬੰਗਲਾਦੇਸ਼ ਨਾਲ ਸਬੰਧਿਤ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਹੁਣ ਤੱਕ 249 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਵੀ ਅਰਬ ਦੇਸ਼ਾਂ ਤੋਂ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾ ਚੁੱਕੇ ਹਨ।
ਇਸੇ ਦੌਰਾਨ ਗੱਲਬਾਤ ਕਰਦਿਆਂ ਫਾਂਸੀ ਦੀ ਸਜ਼ਾ ਤੋਂ ਬੱਚ ਕੇ ਆਏ ਸੋਹਨ ਲਾਲ ਨੇ ਦੱਸਿਆ ਕਿ ਉਸ ਨੇ ਤਾਂ ਆਸ ਲਾਹ ਦਿੱਤੀ ਸੀ ਕਿ ਹੁਣ ਉਹ ਕਦੇ ਵੀ ਆਪਣੇ ਪਰਿਵਾਰ ਨੂੰ ਨਹੀਂ ਮਿਲ ਸਕੇਗਾ ਪਰ ਅਚਾਨਕ ਰੱਬ ਦੇ ਫ਼ਰਿਸ਼ਤੇ ਰੂਪੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਉਸ ਲਈ ਕਾਨੂੰਨੀ ਲੜਾਈ ਲੜ ਕੇ ਅਤੇ ਬਲੱਡ ਮਨੀ ਦੇ ਕੇ ਉਸ ਨੂੰ ਮੌਤ ਦੇ ਐਨ ਨੇੜਿਓਂ ਬਚਾ ਕੇ ਇੱਕ ਨਵਾਂ ਜੀਵਨ ਦਿੱਤਾ ਹੈ। ਸੋਹਨ ਲਾਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਡਾ.ਐੱਸ. ਪੀ. ਸਿੰਘ ਓਬਰਾਏ ਦਾ ਇਸ ਵੱਡੇ ਪਰਉਪਕਾਰ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਹੁਤ ਖੁਸ਼ ਹਨ ਅਤੇ ਰਹਿੰਦੀ ਜ਼ਿੰਦਗੀ ਡਾ.ਓਬਰਾਏ ਦੇ ਰਿਣੀ ਰਹਿਣਗੇ।
ਇਸ ਦੌਰਾਨ ਟਰੱਸਟ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਅਮਰਜੋਤ ਸਿੰਘ, ਸਤਨਾਮ ਸਿੰਘ ਮਾਣਕ, ਰਿਟਾਇਰਡ ਆਈ. ਪੀ.ਐੱਸ.ਸੱਜਣ ਸਿੰਘ ਚੀਮਾ ,ਆਤਮ ਪ੍ਰਕਾਸ਼ ਸਿੰਘ, ਵਿਨੋਦ ਭੱਲਾ ਅਤੇ ਰਮਨ ਬਹਿਲ ਆਦਿ ਵੀ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS