16 C
Chandigarh

TODAY NOW NEWS

Friday, March 20, 2026
HomeBREAKING NEWSਵੈਟ ਅਤੇ ਜੀਐਸਟੀ ਦੇ ਸਾਰੇ ਬਕਾਇਆ ਕੇਸ ਜੂਨ ਦੇ ਅਖ਼ੀਰ ਤੱਕ ਨਿਪਟਾਏੇ...

ਵੈਟ ਅਤੇ ਜੀਐਸਟੀ ਦੇ ਸਾਰੇ ਬਕਾਇਆ ਕੇਸ ਜੂਨ ਦੇ ਅਖ਼ੀਰ ਤੱਕ ਨਿਪਟਾਏੇ ਜਾਣ : ਕਰ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ

ਚੰਡੀਗੜ੍ਹ/ਜਲੰਧਰ/ਲੁਧਿਆਣਾ, 29 ਅਪ੍ਰੈਲ-
ਪੰਜਾਬ ਦੇ ਕਰ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਅੱਜ ਟੈਕਸ (ਕਰ) ਅਧਿਕਾਰੀਆਂ ਨੂੰ ਵੈਟ ਅਤੇ ਜੀਐਸਟੀ ਦੇ ਬਕਾਇਆ ਪਏ ਸਾਰੇ ਕੇਸਾਂ ਨੂੰ ਜੂਨ ਦੇ ਅੰਤ ਤੱਕ ਨਿਪਟਾਉਣ ਦੇ ਨਿਰਦੇਸ਼ ਦਿੱਤੇ ਹਨ।
ਅੱਜ ਇੱਥੇ ਜੀਐਸਟੀ ਭਵਨ ਵਿਖੇ ਕਰ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਰ ਕਮਿਸ਼ਨਰ ਨੇ ਕਿਹਾ ਕਿ ਸੂਬੇ ਭਰ ਦੇ ਵਪਾਰੀਆਂ ਨੂੰ ਲੋੜੀਂਦੀ ਰਾਹਤ ਦੇਣਾ ਸਮੇਂ ਦੀ ਮੁੱਖ ਲੋੜ ਹੈ। ਸ੍ਰੀ ਯਾਦਵ ਨੇ ਕਿਹਾ ਕਿ ਅਧਿਕਾਰੀ ਵੈਟ ਅਤੇ ਜੀਐਸਟੀ ਦੇ ਬਕਾਇਆ ਕੇਸਾਂ ਦਾ ਨਿਪਟਾਰਾ ਕਰਨ ਅਤੇ ਕਿਹਾ ਕਿ ਉਹ ਹਰ ਹਫ਼ਤੇ ਨਿੱਜੀ ਤੌਰ ਤੇ ਇਸ ਕੰਮ ਦੀ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਰ ਕਮਿਸ਼ਨਰ ਨੇ ਅੱਗੇ ਐਲਾਨ ਕੀਤਾ ਕਿ ਵਿਭਾਗ ਜਲਦੀ ਹੀ ਸੂਬੇ ਵਿੱਚ ਜਾਅਲੀ ਫਰਮਾਂ ਨੂੰ ਨੱਥ ਪਾਉਣ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਜਾਅਲੀ ਫਰਮ ਜੋ ਗੈਰ-ਕਾਨੂੰਨੀ ਤਰੀਕਿਆਂ ਨਾਲ ਟੈਕਸ ਚੋਰੀ ਕਰਨ ਦੀ ਕੋਸ਼ਿਸ਼ ਕਰਦੀ ਹੈ, ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਸ੍ਰੀ ਯਾਦਵ ਨੇ ਕਿਹਾ ਕਿ ਹਰੇਕ ਅਧਿਕਾਰੀ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਕਿਸੇ ਵੀ ਜਾਅਲੀ ਫਰਮ ਦੇ ਸੰਚਾਲਨ ਲਈ ਜਵਾਬਦੇਹ ਬਣਾਇਆ ਜਾਵੇਗਾ। ਇਕ ਹੋਰ ਮੁੱਦੇਤੇ ਚਰਚਾ ਕਰਦੇ ਹੋਏ ਕਰ ਕਮਿਸ਼ਨਰ ਨੇ ਕਿਹਾ ਕਿ ਹਰੇਕ ਅਧਿਕਾਰੀ ਇਹ ਯਕੀਨੀ ਬਣਾਏਗਾ ਕਿ ਅਸੈਸਮੈਂਟ ਕੇਸ ਸਤੰਬਰ ਦੇ ਅੰਤ ਤੱਕ ਮੁਕੰਮਲ ਹੋ ਜਾਣ। ਉਨਾਂ ਕਿਹਾ ਕਿ ਅਧਿਕਾਰੀ ਵਿੱਤੀ ਸਾਲ ਦੇ ਅੰਤ ਤੱਕ ਇੰਤਜ਼ਾਰ ਨਾ ਕਰਨ, ਸਗੋਂ ਬਾਰੀਕੀ ਨਾਲ ਅਧਿਐਨ ਕਰਕੇ ਸਤੰਬਰ ਦੇ ਅੰਤ ਤੱਕ ਇਸ ਕਾਰਜ ਨੂੰ ਨੇਪਰੇ ਚਾੜ੍ਹਨ। ਸ੍ਰੀ ਯਾਦਵ ਨੇ ਕਿਹਾ ਕਿ ਵਿਭਾਗ ਵੱਲੋਂ ਜਲਦੀ ਹੀ ਹਰੇਕ ਅਧਿਕਾਰੀ ਦੁਆਰਾ ਆਪਣੀਆਂ ਅਸੈਸਮੈਂਟਸ ਪੂਰੀਆਂ ਕਰਨ ਲਈ ਮਹੀਨਾਵਾਰ ਟੀਚਾ ਮਿੱਥਿਆ ਜਾਵੇਗਾ।
ਕਰ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਪਣੇ ਖੇਤਰ ਦੇ ਦੌਰੇ ਵਧਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਹ ਇੱਕ ਪਾਸੇ ਵਿਭਾਗ ਨੂੰ ਜ਼ਮੀਨੀ ਹਕੀਕਤਾਂ ਤੋਂ ਜਾਣੂੰ ਕਰਵਾਉਣ ਅਤੇ ਦੂਜੇ ਪਾਸੇ ਟੈਕਸਾਂ ਨਾਲ ਸਬੰਧਤ ਮਾਮਲਿਆਂ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰੇਗਾ। ਸ੍ਰੀ ਯਾਦਵ ਨੇ ਕਿਹਾ ਕਿ ਜਾਂਚ ਕਰਨਾ ਹਰੇਕ ਅਧਿਕਾਰੀ ਲਈ ਜ਼ਰੂਰੀ ਹੈ ਅਤੇ ਇਸ ਸਬੰਧੀ ਵਿਭਾਗ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ।
ਟੈਕਸ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਡੀਮਡ ਅਪਰੂਵਲ ਆਰ.ਸੀਜ਼ ਲਈ ਵੀ ਨਿਰੀਖਣ ਦੀ ਕਾਰਵਾਈ ਵਿੱਚ ਤੇਜ਼ੀ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਫੀਲਡ ਨਿਰੀਖਣ ਕਰਨ ਵਿੱਚ ਅਧਿਕਾਰੀਆਂ ਦੀ ਕੁਤਾਹੀ ਦਾ ਸਖ਼ਤ ਨੋਟਿਸ ਲਿਆ ਜਾਵੇਗਾ। ਸ੍ਰੀ ਯਾਦਵ ਨੇ ਕਿਹਾ ਕਿ ਗਲਤੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਨ ਦੱਸੋ ਨੋਟਿਸ ਜਾਰੀ ਕਰਨ ਸਮੇਤ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕਰ ਕਮਿਸ਼ਨਰ ਨੇ ਸਪੱਸ਼ਟ ਕਿਹਾ ਕਿ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟੈਕਸ ਚੋਰੀ ਕਰਨ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੁੰਦਾ ਹੈ ਜੋ ਕਿ ਕਿਸੇ ਵੀ ਤਰ੍ਹਾਂ ਬਰਦਾਸ਼ਤਯੋਗ ਨਹੀਂ ਹੈ ਅਤੇ ਵਿਭਾਗ ਵੱਲੋਂ ਹੁਣ ਸਾਰੇ ਟੈਕਸ ਚੋਰੀ ਕਰਨ ਵਾਲਿਆਂ ਤੇ ਸ਼ਿਕੰਜਾ ਕਸਿਆ ਜਾਵੇਗਾ। ਸ੍ਰੀ ਯਾਦਵ ਨੇ ਕਿਹਾ ਕਿ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਕੋਈ ਵੀ ਟੈਕਸ ਚੋਰੀ ਕਰਨ ਵਾਲਾ ਸਰਕਾਰ ਦੇ ਸ਼ਿਕੰਜੇ ਤੋਂ ਬਚ ਕੇ ਨਾ ਨਿਕਲੇ। ਕਰ ਕਮਿਸ਼ਨਰ ਨੇ ਟੈਕਸਾਂ ਦੇ ਖੜ੍ਹੇ ਬਕਾਏ ਦੀ ਜਲਦੀ ਵਸੂਲੀ ਲਈ ਵੀ ਜ਼ੋਰ ਪਾਇਆ। ਉਨ੍ਹਾਂ ਕਿਹਾ ਕਿ ਅਧਿਕਾਰੀ ਡਿਫਾਲਟਰਾਂ ਤੋਂ ਬਕਾਏ ਦੀ ਵਸੂਲੀ ਲਈ ਵੱਡੇ ਪੱਧਰਤੇ ਰਿਕਵਰੀ ਮੁਹਿੰਮ ਸ਼ੁਰੂ ਕਰਨ। ਸ੍ਰੀ ਯਾਦਵ ਨੇ ਕਿਹਾ ਕਿ ਸੂਬੇ ਵਿੱਚ ਕਰ ਉਗਰਾਹੀ ਨੂੰ ਵਧਾਉਣ ਲਈ ਇਹ ਸਮੇਂ ਦੀ ਲੋੜ ਹੈ।
ਅਧਿਕਾਰੀਆਂ ਵੱਲੋਂ ਟੈਕਸ ਸੁਧਾਰਾਂ ਲਈ ਦਿੱਤੇ ਗਏ ਨਵੇਂ ਵਿਚਾਰਾਂ/ਸੁਝਾਵਾਂ ਦਾ ਸੁਆਗਤ ਕਰਦਿਆਂ ਕਰ ਕਮਿਸ਼ਨਰ ਨੇ ਕਿਹਾ ਕਿ ਟੈਕਸ ਸੁਧਾਰਾਂ ਲਈ ਨਵੀਆਂ ਪਹਿਲਕਦਮੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਸੂਬਾ ਪੱਧਰ `ਤੇ ਵੀ ਅਧਿਕਾਰੀਆਂ ਵੱਲੋਂ ਪੇਸ਼ ਕੀਤੇ ਗਏ ਨਵੇਂ ਵਿਚਾਰਾਂ ਨੂੰ ਅਪਣਾਏਗਾ। ਸ੍ਰੀ ਯਾਦਵ ਨੇ ਇਹ ਵੀ ਕਿਹਾ ਕਿ ਵਿਭਾਗ ਸੂਬੇ ਵਿੱਚ ਟੈਕਸ ਵਸੂਲੀ ਨੂੰ ਹੋਰ ਬਿਹਤਰ ਬਣਾਉਣ ਲਈ ਅਣਥੱਕ ਮਿਹਨਤ ਕਰ ਰਿਹਾ ਹੈ।
ਭ੍ਰਿਸ਼ਟਾਚਾਰ ਬਿਲਕੁਲ ਸਹਿਣ ਨਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਰ ਕਮਿਸ਼ਨਰ ਨੇ ਕਿਹਾ ਕਿ ਇਸ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਸਮਾਂਬੱਧ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਸ੍ਰੀ ਯਾਦਵ ਨੇ ਇਹ ਵੀ ਕਿਹਾ ਕਿ ਵਿਭਾਗ ਟੈਕਸ ਵਸੂਲੀ ਅਤੇ ਸੇਵਾਵਾਂ ਦੇਣ ਵਿੱਚ ਇੱਕ ਨਵਾਂ ਮਾਪਦੰਡ ਸਥਾਪਤ ਕਰੇਗਾ।
ਕਰ ਕਮਿਸ਼ਨਰ ਨੇ ਸਮੂਹ ਵਪਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਬਕਾਇਆ ਟੈਕਸ ਸਰਕਾਰ ਨੂੰ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ ਇਸ ਟੈਕਸ ਦੀ ਵਰਤੋਂ ਢੁਕਵੇਂ ਢੰਗ ਨਾ ਸੂਬੇ ਵਿੱਚ ਵਿਕਾਸ ਕਾਰਜਾਂ ਲਈ ਕੀਤੀ ਜਾਂਦੀ ਹੈ ਜਿਸ ਕਾਰਨ ਟੈਕਸ ਅਦਾ ਕਰਨ ਵਾਲੇ ਇਸ ਵਿਕਾਸ ਦਾ ਹਿੱਸਾ ਬਣਦੇ ਹਨ। ਸ੍ਰੀ ਯਾਦਵ ਨੇ ਇਹ ਵੀ ਕਿਹਾ ਕਿ ਕਰਦਾਤਾਵਾਂ ਦੇ ਸਹਿਯੋਗ ਤੋਂ ਬਿਨਾਂ ਰਾਜ ਦੇ ਵਿਕਾਸ ਦਾ ਟੀਚਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ।

ਇਸ ਮੌਕੇ ਵਧੀਕ ਕਮਿਸ਼ਨਰ ਸ੍ਰੀਮਤੀ ਬ੍ਰਹਮਨੀਤ ਕੌਰ ਅਤੇ ਸ੍ਰੀ ਰਵਨੀਤ ਸਿੰਘ ਖੁਰਾਣਾ, ਡਿਪਟੀ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਅਤੇ ਹੋਰ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS