17.1 C
Chandigarh

TODAY NOW NEWS

Thursday, March 19, 2026
Homeਲਾਈਫ ਸਟਾਈਲਸੈਰ ਸਪਾਟਾਸਪਿਤੀ ਨਦੀ ਦੇ ਨਾਲ ਨਾਲ

ਸਪਿਤੀ ਨਦੀ ਦੇ ਨਾਲ ਨਾਲ

ਭੁਪਿੰਦਰ ਸਿੰਘ ਬਰਗਾੜੀ

ਹਿਮਾਲਿਆ ਸਦੀਆਂ ਤੋਂ ਹੀ ਮਨੁੱਖੀ ਆਕਰਸ਼ਣ ਦਾ ਕੇਂਦਰ ਰਿਹਾ ਹੈ। ਵੱਖ ਵੱਖ ਮੁਲਕਾਂ ਦੇ ਛੋਟੇ ਵੱਡੇ ਤਾਜਰਾਂ, ਹਮਲਾਵਰਾਂ, ਲੁਟੇਰਿਆਂ ਅਤੇ ਸੈਲਾਨੀਆਂ ਦੇ ਕਦਮਾਂ ਦਾ ਗਵਾਹ ਹੈ ਹਿਮਾਲਿਆ। ਹਿਮਾਲਿਆ ਦੇ ਇੱਕ ਹਿੱਸੇ ਵਿੱਚ ਵਸੀ ਵੱਖਰੀ ਜਿਹੀ ਧਰਤੀ ਹੈ ਸਪਿਤੀ ਜਿਸ ਨੂੰ ਠੰਢੇ ਰੇਗਿਸਤਾਨ ਦੇ ਨਾਲ ਨਾਲ ਛੋਟਾ ਲੱਦਾਖ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਬਹੁਤ ਘੱਟ ਮੀਂਹ ਪੈਂਦੇ ਹਨ। ਸਿਰਫ਼ ਸਰਦੀਆਂ ਵਿੱਚ ਬਰਫ਼ਬਾਰੀ ਹੀ ਹੁੰਦੀ ਹੈ। ਸਪਿਤੀ ਤਿੱਬਤੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਵਿਚਕਾਰਲੀ ਧਰਤੀ। ਇਸ ਬਾਰੇ ਮੰਨਿਆ ਜਾਂਦਾ ਹੈ ਕਿ ਤਿੱਬਤ ਦੀ ਰਾਜਧਾਨੀ ਲਹਾਸਾ ਤੋਂ ਲੇਹ ਤਕ ਦੇ ਪੁਰਾਤਨ ਰਸਤੇ ਦੇ ਬਿਲਕੁਲ ਵਿਚਕਾਰ ਪੈਂਦੇ ਹੋਣ ਕਰਕੇ ਇਸ ਦਾ ਨਾਂ ਸਪਿਤੀ ਪਿਆ। ਸਪਿਤੀ ਦਾ ਇਲਾਕਾ ਕਦੇ ਤਿੱਬਤ ਅਤੇ ਕਦੇ ਕੁੱਲੂ ਦੇ ਰਾਜਿਆਂ ਅਧੀਨ ਰਿਹਾ ਹੈ। ਜਰਨੈਲ ਜ਼ੋਰਾਵਰ ਸਿੰਘ ਨੇ ਲੱਦਾਖ ਫ਼ਤਹਿ ਕਰਨ ਉਪਰੰਤ ਤਿੱਬਤ ਜਾਂਦਿਆਂ ਸਪਿਤੀ ਨੂੰ ਆਪਣੇ ਅਧੀਨ ਕਰ ਕੇ ਆਪਣਾ ਮੁਸਲਮਾਨ ਗਵਰਨਰ ਨਿਯੁਕਤ ਕਰ ਦਿੱਤਾ ਸੀ, ਪਰ ਇਹ ਰਾਜ ਬਹੁਤਾ ਚਿਰ ਸਥਾਪਿਤ ਨਾ ਰਹਿ ਸਕਿਆ। ਹੁਣ ਇਹ ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦਾ ਹਿੱਸਾ ਹੈ ਅਤੇ ਇਸ ਦਾ ਡਿਵੀਜ਼ਨ ਹੈੱਡਕੁਆਰਟਰ ਸਪਿਤੀ ਦੇ ਕਸਬਾ ਕਾਜ਼ਾ ਵਿਖੇ ਹੈ। ਕਾਜ਼ਾ ਜਾਣ ਲਈ ਦੋ ਮੁੱਖ ਸੜਕੀ ਰਸਤੇ ਹਨ। ਇੱਕ ਰਸਤੇ ਮਨਾਲੀ ਤੋਂ ਰੋਹਤਾਂਗ, ਗ੍ਰਾਮਫੂ, ਬਾਤਲ, ਕੁੰਜ਼ੁਮ ਹੋ ਕੇ ਜਾਇਆ ਜਾਂਦਾ ਹੈ। ਦੂਜੇ ਪਾਸਿਉਂ ਸ਼ਿਮਲਾ ਤੋਂ ਵਾਇਆ ਫਾਗੂ, ਸਰਾਹਨ, ਰਿਕਾਂਗਪੀਓ ਤੋਂ ਪੁਹੂ ਹੋ ਕੇ ਜਾਇਆ ਜਾ ਸਕਦਾ ਹੈ। ਜੂਨ ਦੇ ਪਹਿਲੇ ਹਫ਼ਤੇ ਵਿੱਚ ਕੁੰਜ਼ੁਮ ਦੱਰਾ ਅਜੇ ਖੁੱਲ੍ਹਿਆ ਨਾ ਹੋਣ ਕਰਕੇ ਅਸੀਂ ਸ਼ਿਮਲਾ ਵਾਲੇ ਪਾਸਿਉਂ ਸਪਿਤੀ ਘਾਟੀ ਵਿੱਚ ਦਾਖਲ ਹੋਏ ਜਿੱਥੇ ਪਹਿਲਾਂ ਸੜਕ ਸਤਲੁਜ ਦਰਿਆ ਦੇ ਨਾਲ ਨਾਲ ਜਾਂਦੀ ਹੈ। ਉੱਬੜ-ਖਾਬੜ ਪਥਰੀਲੀ ਅਤੇ ਸਿਰਫ਼ ਨਾਂ ਦੀ ਤੰਗ ਵਲੇਵੇਂਦਾਰ ਸੜਕ ਉਪਰ ਸਾਡੇ ਮੋਟਰਸਾਈਕਲ ਬਹੁਤ ਧੀਮੀ ਗਤੀ ਵਿੱਚ ਚੱਲ ਰਹੇ ਸਨ। ਕਿਨੌਰ ਜ਼ਿਲ੍ਹੇ ਦੇ ਖਬ ਦੇ ਸਥਾਨ ’ਤੇ ਸਪਿਤੀ ਨਦੀ ਸਤਲੁਜ ਵਿੱਚ ਆ ਕੇ ਮਿਲਦੀ ਹੈ। ਖਬ ਤੋਂ ਪੰਜ ਕੁ ਕਿਲੋਮੀਟਰ ਦੀ ਦੂਰੀ ’ਤੇ ਵਸਿਆ ਪਿੰਡ ਨਮਗਿਆ, ਭਾਰਤ ਚੀਨ ਦੀ ਸਰਹੱਦ ਨੇੜੇ ਆਖ਼ਰੀ ਭਾਰਤੀ ਪਿੰਡ ਹੈ। ਇੱਥੋਂ ਥੋੜ੍ਹੀ ਦੂਰੀ ’ਤੇ ਹੀ ਸ਼ਿਪਕੀਲਾ ਪੁਆਇੰਟ ਹੈ ਜਿੱਥੋਂ ਸਤਲੁਜ ਦਰਿਆ ਭਾਰਤ ਵਿੱਚ ਦਾਖਲ ਹੁੰਦਾ ਹੈ। ਇੱਥੋਂ ਅਗਾਂਹ ਜਾਂਦਿਆਂ ਸੜਕ ਸਪਿਤੀ ਨਦੀ ਦੇ ਉਪਰਲੇ ਬੰਨੇ ਹੋ ਜਾਂਦੀ ਹੈ। ਕਾਲੀਆਂ ਸਿਆਹ ਚੱਟਾਨਾਂ ਵਾਲੇ ਜਾਂ ਫਿਰ ਮਟਮੈਲੇ ਪਹਾੜ ਜਿਨ੍ਹਾਂ ’ਤੇ ਕੋਈ ਬਨਸਪਤੀ ਦਿਖਾਈ ਨਹੀਂ ਦਿੰਦੀ, ਇੱਕ ਵਧੀਆ ਅਤੇ ਦਿਲਖਿੱਚਵਾਂ ਦ੍ਰਿਸ਼ ਪੇਸ਼ ਕਰਦੇ ਹਨ।


10307cd _sapiti riverਸਪਿਤੀ ਘਾਟੀ ਸੁਮਦੋ ਤੋਂ ਸ਼ੁਰੂ ਹੁੰਦੀ ਹੈ ਜੋ ਖਬ ਤੋਂ 56 ਕਿਲੋਮੀਟਰ ਦੀ ਦੂਰੀ ’ਤੇ ਹੈ। ਸੁਮਦੋ ਵਿਖੇ ਇੰਡੋ ਤਿੱਬਤਨ ਬੌਰਡਰ ਫੋਰਸ ਦੀ ਚੈੱਕ-ਪੋਸਟ ’ਤੇ ਵਾਹਨਾਂ ਦੇ ਵੇਰਵੇ ਚੈੱਕ ਕਰਕੇ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇੱਥੋਂ ਸਪਿਤੀ ਵੈਲੀ ਦੇ ਬਹੁਤ ਘੱਟ ਵਸੋਂ ਵਾਲੇ ਪਿੰਡਾਂ ਵਿੱਚੋਂ ਲੰਘਦੇ ਹੋਏ ਸ਼ਾਮ ਸਮੇਂ ਅਸੀਂ ਤਾਬੋ ਪਹੁੰਚੇ। ਤਾਬੋ ਦੀ ਵਸੋਂ ਭਾਵੇਂ ਪੌਣੇ ਕੁ ਦੋ ਸੌ ਹੀ ਹੈ, ਪਰ ਬੁੱਧ ਧਰਮ ਵਿੱਚ ਤਾਬੋ ਅਹਿਮ ਸਥਾਨ ਰੱਖਦਾ ਹੈ ਕਿਉਂਕਿ 996 ਈਸਵੀ ਵਿੱਚ ਮਹਾਨ ਅਨੁਵਾਦਕ ਰਿਨਚੇਨ ਜਾਂਗਪੋ ਨੇ ਇੱਥੇ ਮੱਠ ਦੀ ਸਥਾਪਨਾ ਕਰਵਾਈ ਸੀ ਜਿਸਨੂੰ ਤਾਬੋ ਮੱਠ ਕਿਹਾ ਜਾਂਦਾ ਹੈ। ਇਸ ਮੱਠ ਨੂੰ ਤਿੱਬਤ ਸਥਿਤ ਥੇਲਿੰਗ ਮੱਠ ਤੋਂ ਬਾਅਦ ਦੂਜਾ ਅਹਿਮ ਸਥਾਨ ਮੰਨਿਆ ਜਾਂਦਾ ਹੈ। ਮਿੱਟੀ ਦੀਆਂ ਕੰਧਾਂ ਦੀ ਬਣੀ ਹੋਈ ਇਸ ਦੀ ਇਮਾਰਤ ਵਿੱਚ ਬੇਸ਼ਕੀਮਤੀ ਹੱਥ ਲਿਖਤਾਂ ਅਤੇ ਬੋਧੀ ਧਰਮ ਗੁਰੂਆਂ ਨਾਲ ਸਬੰਧਿਤ ਦੁਰਲੱਭ ਵਸਤਾਂ ਰੱਖੀਆਂ ਹੋਈਆਂ ਹਨ। ਕੰਧਾਂ ’ਤੇ ਬਣੇ ਪੁਰਾਤਨ ਬੋਧੀ ਚਿੱਤਰਾਂ ਕਰਕੇ ਤਾਬੋ ਮੱਠ ਨੂੰ ਹਿਮਾਲਿਆ ਦੀ ਅਜੰਤਾ ਵੀ ਕਿਹਾ ਜਾਂਦਾ ਹੈ। ਸਪਿਤੀ ਵੈਲੀ ਵਿੱਚ ਸਭ ਤੋਂ ਵੱਡਾ ਅਤੇ ਇਤਿਹਾਸਕ ਮਹੱਤਤਾ ਵਾਲਾ ਇਹ ਮੱਠ ਸਮੁੱਚੀ ਘਾਟੀ ਦੇ ਸਾਰੇ ਮੱਠਾਂ ਦੀ ਅਗਵਾਈ ਕਰਦਾ ਹੈ। ਇਸ ਨੂੰ ਸੁਰੱਖਿਅਤ ਯਾਦਗਾਰ ਦਾ ਦਰਜਾ ਦਿੱਤਾ ਗਿਆ ਹੈ। ਇਸ ਲਈ ਭਾਰਤੀ ਪੁਰਾਤੱਤਵ ਵਿਭਾਗ ਇਸ ਮੱਠ ਦੀ ਸਾਂਭ ਸੰਭਾਲ ਕਰਦਾ ਹੈ। ਤਾਬੋ ਵਿਖੇ ਉੱਚੇ ਪਹਾੜਾਂ ਤੋਂ ਆਉਂਦੇ ਛੋਟੇ ਨਾਲਿਆਂ ਦੇ ਪਾਣੀ ਨਾਲ ਜ਼ਮੀਨ ਦੇ ਛੋਟੇ ਛੋਟੇ ਟੋਟਿਆਂ ਵਿੱਚ ਸੇਬ, ਜੌਂ ਅਤੇ ਸਬਜ਼ੀ ਦੀ ਕਾਸ਼ਤ ਕੀਤੀ ਜਾਂਦੀ ਹੈ ਜਿਸ ਨਾਲ ਸਥਾਨਕ ਵਾਸੀਆਂ ਦੀ ਆਰਥਿਕਤਾ ਨੂੰ ਹੁਲਾਰਾ ਮਿਲਦਾ ਹੈ। ਉਂਜ, ਸਮੁੱਚੀ ਘਾਟੀ ਵਿੱਚ ਜ਼ਿਆਦਾਤਰ ਜ਼ਮੀਨ ਪਥਰੀਲੀ ਹੋਣ ਅਤੇ ਮੀਂਹ ਘੱਟ ਪੈਣ ਕਰਕੇ ਖੇਤੀਯੋਗ ਜ਼ਮੀਨ ਘੱਟ ਹੈ ਅਤੇ ਘੱਟ ਆਮਦਨ ਸਰੋਤ ਹੋਣ ਕਰਕੇ ਹੀ ਇੱਥੇ ਇੱਕ ਵਿਆਹ ਪ੍ਰਥਾ ਚਲਦੀ ਰਹੀ ਹੈ ਜਿਸ ਤਹਿਤ ਘਰ ਵਿੱਚੋਂ ਇੱਕ ਭਰਾ ਹੀ ਵਿਆਹ ਕਰਵਾਉਂਦਾ ਸੀ। ਬਾਕੀ ਜਾਂ ਤਾਂ ਕੁਆਰੇ ਹੀ ਰਹਿੰਦੇ ਸਨ ਜਾਂ ਫਿਰ ਭਿਕਸ਼ੂ ਬਣ ਜਾਂਦੇ ਸਨ, ਪਰ ਹੁਣ ਆਮਦਨ ਦੇ ਬਦਲਦੇ ਸਰੋਤਾਂ ਕਰਕੇ ਇਹ ਰਵਾਇਤ ਬਹੁਤ ਘਟ ਗਈ ਹੈ।
ਤਾਬੋ ਤੇ ਕਾਜ਼ਾ ਵਿਚਕਾਰ ਧਨਕਰ ਨਾਂ ਦਾ ਇੱਕ ਪਿੰਡ ਆਉਂਦਾ ਹੈ ਜਿੱਥੇ ਧਨਕਰ ਮੱਠ ਪਹਾੜ ਦੀ ਤਿੱਖੀ ਧਾਰ ’ਤੇ ਸਥਿਤ ਹੈ। ਕਿਸੇ ਸਮੇਂ ਧਨਕਰ, ਸਪਿਤੀ ਰਾਜ ਦੀ ਰਾਜਧਾਨੀ ਹੁੰਦਾ ਸੀ। ਇਸ ਤੋਂ ਬਾਅਦ ਅਸੀਂ ਕਾਜ਼ਾ ਪਹੁੰਚੇ ਜੋ ਸਪਿਤੀ ਘਾਟੀ ਦਾ ਮੁੱਖ ਸ਼ਹਿਰ ਹੈ ਅਤੇ ਸਪਿਤੀ ਨਦੀ ਦੇ ਖੱਬੇ ਕੰਢੇ ’ਤੇ ਵਸਿਆ ਹੋਇਆ ਹੈ। ਇਹ ਸਪਿਤੀ ਡਿਵੀਜ਼ਨ ਦਾ ਹੈੱਡਕੁਆਰਟਰ ਹੈ ਅਤੇ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ। ਇੱਕ ਹਿੱਸੇ ਵਿੱਚ ਸਰਕਾਰੀ ਦਫ਼ਤਰ ਤੇ ਰੈਸਟ ਹਾਊਸ ਹਨ ਅਤੇ ਦੂਜੇ ਵਿੱਚ ਆਮ ਵਸੋਂ। ਸਮੁੰਦਰ ਤਲ ਤੋਂ 3,600 ਮੀਟਰ ਉੱਚੇ ਕਾਜ਼ਾ ਵਿੱਚ ਬੋਧ ਗੁਰੂ ਪਦਮਸੰਭਵ ਅਤੇ ਰਤਨਭਦਰ ਦੁਆਰਾ ਸਥਾਪਿਤ ਕਰਵਾਏ ਗਏ ਗੋਂਪਾ ਹਨ। ਇੱਥੋਂ ਦੀ ਤਕਰੀਬਨ ਸਾਰੀ ਵਸੋਂ ਹੀ ਬੋਧੀ ਹੈ। ਕਾਜ਼ਾ ਤੋਂ 11 ਕਿਲੋਮੀਟਰ ਦੀ ਦੂਰੀ ’ਤੇ ਕੀ ਮੱਠ ਹੈ। ਮੱਠ ਦੇ ਵਿਹੜੇ ਵਿੱਚ ਬੰਨ੍ਹੇ ਹੋਏ ਬੋਧ ਥਾਂਗਕੇ ਹਵਾ ਵਿੱਚ ਲਹਿਰਾ ਰਹੇ ਸਨ। ਕਾਜ਼ਾ ਵਿਖੇ ਦੁਨੀਆਂ ਦਾ ਸਭ ਤੋਂ ਉੱਚਾ ਪੈਟਰੋਲੀਅਮ ਵਿਕਰੀ ਕੇਂਦਰ ਵੀ ਸਥਿਤ ਹੈ। ਕਾਜ਼ਾ ਤੋਂ ਲਗਪਗ ਛੇ ਕਿਲੋਮੀਟਰ ਦੂਰ ਦੁਨੀਆਂ ਦਾ ਸਭ ਤੋਂ ਉੱਚਾ ਪਿੰਡ ਕਿੱਬਰ ਹੈ ਜਿਸ ਦੇ ਨਾਮ ਕਈ ਤਰ੍ਹਾਂ ਦੇ ਵਿਸ਼ਵ ਰਿਕਾਰਡ ਦਰਜ ਹਨ।
ਕਾਜ਼ਾ ਤੋਂ ਕੁੰਜ਼ੁਮ ਦੱਰੇ ਵੱਲ ਜਾਂਦਿਆਂ ਰਾਸਤੇ ਵਿੱਚ ਲੋਸਰ ਨਾਂ ਦਾ ਪਿੰਡ ਆਉਂਦਾ ਹੈ। ਇਹ ਸਪਿਤੀ ਘਾਟੀ ਦਾ ਮਹੱਤਵਪੂਰਨ ਪਿੰਡ ਹੈ ਕਿਉਂਕਿ ਇੱਥੇ ਜਨਵਰੀ ਦੇ ਅੰਤ ਵਿੱਚ ਦੋ ਹਫ਼ਤੇ ਚੱਲਣ ਵਾਲਾ ਲੋਸਰ ਮੇਲਾ ਮਨਾਇਆ ਜਾਂਦਾ ਹੈ ਜਿਸ ਵਿੱਚ ਦੂਰ ਦੂਰ ਤੋਂ ਲੋਕ ਆਉਂਦੇ ਹਨ। ਕਾਜ਼ਾ ਤੋਂ ਕੁੰਜ਼ੁਮ ਤਕ ਦਾ ਰਸਤਾ ਪਥਰੀਲਾ ਅਤੇ ਸਿੱਧੀ ਖ਼ਤਰਨਾਕ ਚੜ੍ਹਾਈ ਵਾਲਾ ਹੈ। ਸਰਦੀਆਂ ਵਿੱਚ ਪਈ ਅੰਤਾਂ ਦੀ ਬਰਫ਼ ਜੂਨ ਵਿੱਚ ਤਾਪਮਾਨ ਵਧਣ ਕਰਕੇ ਖੁਰ ਰਹੀ ਸੀ ਤੇ ਪਾਣੀ ਰਾਸਤੇ ਦੇ ਉੱਪਰੋਂ ਹੋ ਕੇ ਵਗ ਰਿਹਾ ਸੀ। ਕੁੰਜ਼ੁਮ ਦੱਰਾ ਸਮੁੰਦਰ ਤਲ ਤੋਂ 4,590 ਮੀਟਰ ਦੀ ਉਚਾਈ ’ਤੇ ਸਥਿਤ ਹੈ। ਰੋਹਤਾਂਗ ਦੱਰੇ ਨਾਲੋਂ ਤਕਰੀਬਨ ਇੱਕ ਹਜ਼ਾਰ ਫੁੱਟ ਦੀ ਵੱਧ ਉਚਾਈ ’ਤੇ ਸਥਿਤ ਇਸ ਦੱਰੇ ਦੇ ਸਿਖਰ ਉੱਤੇ ਬਰਫ਼ੀਲੀ ਹਵਾ ਚੱਲ ਰਹੀ ਸੀ ਜੋ ਜ਼ਿਆਦਾ ਦੇਰ ਇੱਥੇ ਖੜ੍ਹਨ ਦੀ ਇਜ਼ਾਜਤ ਨਹੀਂ ਦੇ ਰਹੀ ਸੀ। ਦੱਰੇ ਦੇ ਸਿਖਰ ’ਤੇ ਸੱਜੇ ਹੱਥ ਕੁੰਜ਼ੁਮ ਦੇਵੀ ਦਾ ਮੰਦਰ ਹੈ। ਇੱਥੇ ਆਉਣ ਜਾਣ ਵਾਲੇ ਲੋਕ ਇਸ ਮੰਦਿਰ ਦੀ ਪਰਿਕਰਮਾ ਕਰ ਕੇ ਅੱਗੇ ਵੱਲ ਨੂੰ ਵਧਦੇ ਸਨ। ਮੰਦਿਰ ਦੇ ਚਬੂਤਰੇ ’ਤੇ ਖੜ੍ਹੇ ਅਸੀਂ ਕੁਝ ਦੇਰ ਦੂਰ ਦੂਰ ਤਕ ਪਈ ਬਰਫ਼ ਨੂੰ ਨਿਹਾਰਦੇ ਰਹੇ। ਇੱਥੋਂ ਹੀ ਸਪਿਤੀ ਨਦੀ ਦਾ ਜਨਮ ਹੁੰਦਾ ਹੈ ਜੋ ਅੱਗੇ ਜਾ ਕੇ ਆਪਣੇ ਨਾਲ ਸੈਂਕੜੇ ਛੋਟੇ ਛੋਟੇ ਨਾਲਿਆਂ ਨੂੰ ਰਲਾਉਂਦੀ ਹੋਈ ਸਤਲੁਜ ਵਿੱਚ ਸਮਾ ਜਾਂਦੀ ਹੈ। ਇਸ ਤੋਂ ਅਗਾਂਹ ਲਾਹੌਲ ਵਾਦੀ ਦੀ ਸ਼ੁਰੂਆਤ ਹੁੰਦੀ ਹੈ ਜਿੱਥੇ ਸੰਸਾਰ ਪ੍ਰਸਿੱਧ ਚੰਦਰਤਾਲ ਝੀਲ ਹੈ। ਅਗਲੇਰਾ ਰਾਸਤਾ ਬੰਦ ਹੋਣ ਕਾਰਨ ਭਵਿੱਖ ਵਿੱਚ ਚੰਦਰਤਾਲ ਝੀਲ ਦੀ ਯਾਤਰਾ ਦਾ ਖ਼ੁਆਬ ਅੱਖਾਂ ਵਿੱਚ ਲੈ ਕੇ ਅਸੀਂ ਉੱਥੋਂ ਵਾਪਸ ਮੁੜ ਪਏ।
ਭੁਪਿੰਦਰ ਸਿੰਘ ਬਰਗਾੜੀ

ਸੰਪਰਕ: 94634-00098

Today Now News

RELATED ARTICLES
- Advertisment -

POPULAR POSTS