
ਜਗਰਾਓਂ, (ਪੱਤਰ ਪ੍ਰੇਰਕ) : ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਵੱਲੋਂ ਰੂੜੀ ਮਾਰਕਾ ਸ਼ਰਾਬ ਤਿਆਰ ਕਰਨ ਵਾਲੇ ਤਸੱਕਰਾਂ ਨੂੰ ਅੱਜ ਫਿਰ ਭਾਜੜਾਂ ਪਾਉਂਦਿਆਂ 80 ਹਜ਼ਾਰ ਲੀਟਰ ਲਾਹਣ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ। ਪਿਛਲੇ ਕੁਝ ਦਿਨਾਂ ਵਿਚ ਨਾਜਾਇਜ ਸ਼ਰਾਬ ਤਸੱਕਰੀ ਖਿਲਾਫ ਜ਼ਿਲ੍ਹਾ ਪੁਲਿਸ ਵੱਲੋਂ ਛੇੜੀ ਮੁਹਿੰਮ ਦੌਰਾਨ ਲਾਹਣ ਬਰਾਮਦਗੀ 3 ਲੱਖ ਲੀਟਰ ਟੱਪ ਗਈ। ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਅੱਜ ਸਿੱਧਵਾਂ ਬੇਟ ਪੁਲਿਸ ਨੂੰ ਇਤਲਾਹ ਮਿਲੀ ਕਿ ਪਿੰਡ ਛੋਹਲਾ ਵਾਸੀ ਦੋ ਵਿਅਕਤੀ ਵੱਡੇ ਪੱਧਰ ‘ਤੇ ਸਤਲੁਜ ਦਰਿਆ ਕਿਨਾਰੇ ਸ਼ਰਾਬ ਕਸੀਦ ਕਰ ਰਹੇ ਹਨ ਜਿਸ ‘ਤੇ ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਦੀ ਜੇਰੇ ਨਿਗਰਾਨੀ ਹੇਠ ਪੁਲਿਸ ਚੌਂਕੀ ਭੂੰਦੜੀ ਦੇ ਇੰਚਾਰਜ ਜਸਵੰਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਛਾਪਾਮਾਰੀ ਕੀਤੀ। ਇਸ ਦੌਰਾਨ ਪੁਲਿਸ ਟੀਮ ਨੂੰ ਵੱਡੇ ਪੱਧਰ ‘ਤੇ ਥਾਂ ਥਾਂ ਤੇ ਸ਼ਰਾਬ ਬਨਾਉਣ ਨੂੰ ਰੱਖਿਆ ਲਾਹਣ ਬਰਾਮਦ ਹੋਇਆ ਜੋ 80 ਹਜ਼ਾਰ ਲੀਟਰ ਹੈ। ਥਾਣਾ ਮੁਖੀ ਰਾਜੇਸ਼ ਠਾਕੁਰ ਨੇ ਦੱਸਿਆ ਕਿ ਅੱਜ ਦੀ ਇਸ ਮੁਹਿੰਮ ਦੌਰਾਨ ਮਹਿੰਦਰ ਸਿੰਘ ਪੁੱਤਰ ਕਰਤਾਰ ਸਿੰਘ, ਬੂਟਾ ਸਿੰਘ ਪੁੱਤਰ ਅਰੁਜਨ ਸਿੰਘ ਵਾਸੀ ਛੋਹਲਾ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਬਰਾਮਦ ਕੀਤਾ 80 ਹਜ਼ਾਰ ਲੀਟਰ ਲਾਹਣ ਮੌਕੇ ‘ਤੇ ਨਸ਼ਟ ਕੀਤਾ।




