ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਲਵਾਰਾ ਤੋਂ ਰਾਹੁਲ ਗਾਂਧੀ ਦਾ ਸਵਾਗਤ ਕਰਕੇ ਆਪਣੇ ਜਹਾਜ਼ ਵਿੱਚ ਹੀ ਬੱਧਨੀ ਕਲਾਂ ਵਿਖੇ ਰਾਹੁਲ ਗਾਂਧੀ ਲੈ ਕੇ ਆਉਣਗੇ ।

ਮੋਗਾ (ਹਰਪਾਲ ਸਹਾਰਨ ) : ਮੰਤਰੀ ਮੰਡਲ ਚੋਂ ਅਸਤੀਫਾ ਦੇਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਗਾਵਤੀ ਤੇਵਰ ਦਿਖਾਉਣ ਵਾਲੇ ਨਵਜੋਤ ਸਿੱਧੂ ਅੱਜ ਡੇਢ ਸਾਲ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਲ ਰਾਹੁਲ ਗਾਂਧੀ ਦੀ ਕਿਸਾਨਾਂ ਦੇ ਹੱਕ ਚ ਰੈਲੀ ਸਮੇਂ ਇੱਕੋ ਸਟੇਜ ਤੇ ਇਕੱਠੇ ਹੋਣਗੇ । ਨਵਜੋਤ ਸਿੰਘ ਸਿੱਧੂ ਨੂੰ ਭਾਵੇਂ ਮਨਾਉਣ ਲਈ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਦੋ ਦਿਨ ਪਹਿਲਾਂ ਨਵਜੋਤ ਸਿੱਧੂ ਨਾਲ ਉਸ ਦੇ ਘਰ ਖਾਣਾ ਖਾਧਾ ਗਿਆ ਅਤੇ ਅੱਜ ਸਵੇਰੇ ਨਵਜੋਤ ਸਿੱਧੂ ਦੇ ਗ੍ਰਹਿ ਵਿਖੇ ਹੀ ਇਕੱਠਿਆਂ ਬਰੇਕਫਾਸਟ ਕਰਕੇ ਪਹਿਲਾਂ ਹੀ ਮਿਥੇ ਪ੍ਰੋਗਰਾਮ ਤਹਿਤ ਉਹ ਅੰਮ੍ਰਿਤਸਰ ਤੋਂ ਇਕੱਠਿਆਂ ਮੋਗਾ ਲਈ ਰਵਾਨਾ ਹੋਏ । ਜਿੱਥੇ ਕਿ ਉਨ੍ਹਾਂ ਦੇ ਸਮਰਥਕ ਮੋਗਾ ਦੇ ਬੁੱਘੀਪੁਰਾ ਚੌਕ ਚ ਇੱਕ ਹੋਟਲ ਵਿਖੇ ਪਹਿਲਾਂ ਹੀ ਪੁੱਜੇ ਹੋਏ ਸਨ । ਚਾਹ ਪਾਣੀ ਪੀਣ ਉਪਰੰਤ ਹੁਣ ਉਹ ਰੈਲੀ ਵਾਲੀ ਥਾਂ ਤੇ ਬੱਧਨੀ ਵਿਖੇ ਪੁੱਜ ਗਏ ਹਨ । ਜਿੱਥੇ ਕਿ ਰਾਹੁਲ ਗਾਂਧੀ ਨੇ ਰੈਲੀ ਨੂੰ ਸੰਬੋਧਨ ਕਰਨਾ ਹੈ ਅਤੇ ਟਰੈਕਟਰ ਮਾਰਚ ਦੀ ਅਗਵਾਈ ਸ਼ੁਰੂ ਕਰਨੀ ਹੈ । ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਸਰਕਾਰੀ ਜਹਾਜ਼ ਰਾਹੀਂ ਹਲਵਾਰਾ ਦੇ ਏਅਰਫੋਰਸ ਸਟੇਸ਼ਨ ਵਿਖੇ ਪੁੱਜ ਗਏ ਹਨ । ਜਿੱਥੇ ਕਿ ਰਾਹੁਲ ਗਾਂਧੀ ਨੇ ਯੂਪੀ ਤੋਂ ਇੱਕ ਕਿਰਾਏ ਦੇ ਜਹਾਜ਼ ਰਾਹੀਂ ਆਉਣਾ ਹੈ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਲਵਾਰਾ ਤੋਂ ਰਾਹੁਲ ਗਾਂਧੀ ਦਾ ਸਵਾਗਤ ਕਰਕੇ ਆਪਣੇ ਜਹਾਜ਼ ਵਿੱਚ ਹੀ ਬੱਧਨੀ ਕਲਾਂ ਵਿਖੇ ਰਾਹੁਲ ਗਾਂਧੀ ਲੈ ਕੇ ਆਉਣਗੇ ।






