ਖੰਨਾ, 1 ਜੂਨ (ਪਰਮਜੀਤ ਸਿੰਘ ਧੀਮਾਨ) – ਸ਼੍ਰੀ ਹਿੰਦੂੁ ਤਖਤ, ਕਾਲੀ ਮਾਤਾ ਮੰਦਰ ਪਟਿਆਲਾ, ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ, ਸ਼ਿਵ ਸੈਨਾ ਹਿੰਦ, ਸ਼ਿਵ ਸੈਨਾ ਪੰਜਾਬ ਅਤੇ ਵੱਖ-ਵੱਖ ਸ਼ਿਵ ਸੈਨਾ ਜਥੇਬੰਦੀਆਂ ਨਾਲ ਬਤੌਰ ਮੀਡੀਆ ਸਲਾਹਕਾਰ ਜੁੜਿਆ ਹੋਣ ਕਰਕੇ ਕਮਲਜੀਤ ਸਿੰਘ ਕਮਲ ਨੂੰ ਪਿਛਲੇ ਲੰਬੇ ਸਮੇਂ ਤੋਂ ਖਾਲਿਸਤਾਨੀਆਂ ਵੱਲੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਮਲਜੀਤ ਸਿੰਘ ਕਮਲ ਵੱਲੋਂ ਸ਼੍ਰੀ ਹਿੰਦੂ ਤਖਤ ਦੇ ਧਰਮਾਧੀਸ਼ ਜਗਤਗੁਰੂ ਪੰਚਾਨੰਦ ਗਿਰੀ, ਬੇਅੰਤ ਸਿੰਘ ਦੇ ਪੋਤੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ, ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ, ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ, ਸ਼ਿਵ ਸੈਨਾ ਪੰਜਾਬ ਦੇ ਸੰਜੀਵ ਘਨੌਲੀ ਅਤੇ ਰਾਜੀਵ ਟੰਡਨ ਸਮੇਤ ਹੋਰ ਹਿੰਦੂ ਸ਼ਿਵ ਸੈਨਾ ਜਥੇਬੰਦੀਆਂ ਦੇ ਆਗੂਆਂ ਦਾ ਪ੍ਰਚਾਰ ਕਰਨ ਕਰਕੇ ਅਤੇ ਦੇਸ਼ ਧ੍ਰੋਹੀ ਅੱਤਵਾਦੀਆਂ ਤੇ ਖਾਲਿਸਤਾਨ ਪੱਖੀ ਜਥੇਬੰਦੀਆਂ ਦਾ ਵਿਰੋਧ ਕਰਨ ਕਰਕੇ ਖਾਲਿਸਤਾਨ ਪੱਖੀ ਜਥੇਬੰਦੀਆਂ, ਬੱਬਰ ਖਾਲਸਾ, ਦਲ ਖਾਲਸਾ ਤੇ ਵੱਖ-ਵੱਖ ਅੱਤਵਾਦੀ ਸੰਗਠਨਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਰਹਿੰਦੀਆਂ ਹਨ।
ਇਸੇ ਕੜੀ ਅਧੀਨ ਹੁਣ ਫਿਰ ਵਿਦੇਸ਼ੀ ਨੰਬਰ+103966, +(510) 948-7048 ਤੋਂ ਕਮਲਜੀਤ ਸਿੰਘ ਕਮਲ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਜਿਸ ਸੰਬੰਧੀ ਉਨ੍ਹਾਂ ਵੱਲੋਂ ਖੰਨਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਬਾਬਤ ਗੱਲਬਾਤ ਕਰਦੇ ਹੋਏ ਕਮਲਜੀਤ ਸਿੰਘ ਕਮਲ ਨੇ ਕਿਹਾ ਕਿ ਮੇਰੇ ਇੱਕ ਗੁਰਸਿੱਖ ਪਰਿਵਾਰ ਨਾਲ ਸੰਬੰਧਤ ਹੋਣ ਦੇ ਬਾਵਜੂਦ ਮੇਰੇ ਵੱਲੋਂ ਹਿੰਦੂ ਧਰਮ ਦਾ ਪ੍ਰਚਾਰ ਕਰਨ ਕਰਕੇ ਵੀ ਇਹ ਖਾਲਿਸਤਾਨ ਪੱਖੀ ਜਥੇਬੰਦੀਆਂ ਮੇਰਾ ਵਿਰੋਧ ਕਰਦੀਆਂ ਰਹਿੰਦੀਆਂ ਹਨ ਅਤੇ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਨਾਲ-ਨਾਲ ਕਈ ਵਾਰ ਜਾਨੋਂ ਮਾਰਨ ਦੀਆਂ ਗਤੀਵਿਧੀਆਂ ਵੀ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਹੁਣ ਫਿਰ ਮੈਨੂੰ ਵਿਦੇਸ਼ੀ ਨੰਬਰਾਂ +103966, +(510) 948-7048 ਤੋਂ ਇਕ ਵਿਅਕਤੀ ਵੱਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਉਨ੍ਹਾਂ ਵੱਲੋਂ ਸ਼ਰੇਆਮ ਕਿਹਾ ਗਿਆ ਹੈ ਕਿ ‘ਪੰਚਾਨੰਦ ਗਿਰੀ ਤੇ ਸ਼ਿਵਸੈਨਾ ਆਗੂ ਨਿਸ਼ਾਂਤ ਸ਼ਰਮਾ ਸਮੇਤ ਹੋਰ ਨੇਤਾਵਾਂ ਦਾ ਪ੍ਰਚਾਰ ਕਰਨ ਤੋਂ ਹੱਟ ਜਾ, ਨਹੀਂ ਤਾਂ ਇਸ ਦਾ ਅੰਜਾਮ ਭੁਗਤਣ ਲਈ ਤਿਆਰ ਹੋ ਜਾ।’ ਕਮਲ ਨੇ ਅੱਗੇ ਕਿਹਾ ਕਿ ਉਹ ਇਨ੍ਹਾਂ ਖਾਲਿਸਤਾਨੀਆਂ ਅਤੇ ਅੱਤਵਾਦੀਆਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਵੱਲੋਂ ਹਮੇਸ਼ਾ ਹੀ ਖਾਲਿਸਤਾਨ ਅਤੇ ਅੱਤਵਾਦ ਵਿਰੁੱਧ ਅਵਾਜ ਬੁਲੰਦ ਕੀਤੀ ਜਾਂਦੀ ਰਹੇਗੀ ਭਾਵੇਂ ਇਸ ਦਾ ਅੰਜਾਮ ਕੋਈ ਵੀ ਹੋਵੇ। ਕਮਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖੰਨਾ ਪੁਲਿਸ ਨੂੰ ਇਸ ਮਾਮਲੇ ਸੰਬੰਧੀ ਲਿਖਤੀ ਦਰਖਾਸਤ ਦੇ ਕੇ ਸੂਚਿਤ ਕਰ ਦਿੱਤਾ ਗਿਆ ਹੈ।





