ਨਸ਼ੇ ਦੀ ਪੂਰਤੀ ਲਈ ਜ਼ਮੀਨ ਵੇਚਣ ਤੋਂ ਇਨਕਾਰ ਕਰਦੀ ਸੀ ਮ੍ਰਿਤਿਕਾ ।

ਤਰਨ ਤਾਰਨ (ਜਸਵੀਰ ਸਿੰਘ) : “ਨਸ਼ਾ ਘਰਾਂ ਨੂੰ ਉਜਾੜ ਦਿੰਦਾ ਹੈ” ਇਹ ਗੱਲ ਉਸ ਸਮੇ ਹੋਰ ਪੱਕੀ ਹੋ ਗਈ ਜਦੋਂ ਇਕ ਨਸ਼ੇੜੀ ਪਤੀ ਨੇ ਨਸ਼ੇ ਖਾਤਿਰ ਆਪਣੀ ਪਤਨੀ ਦਾ ਹਥੌੜਾ ਮਾਰ ਕੇ ਕਤਲ ਕਰ ਦਿੱਤਾ । ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ ਤੇ ਚਾਰ ਲੋਕਾਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਘਟਨਾ ਨੂੰ ਅੰਜਾਮ ਦੇਣ ਸਮੇਂ ਮੁਲਜ਼ਮ ਨੇ ਆਪਣੇ ਛੋਟੇ ਲੜਕੇ ਨੂੰ ਕਮਰੇ ਵਿਚ ਬੰਦ ਕਰਕੇ ਤਾਲਾ ਲਗਾ ਦਿੱਤਾ ਸੀ। ਘਟਨਾ ਦੇ ਜਾਂਚ ਅਧਿਕਾਰੀ ਅਤੇ ਥਾਣਾ ਕੱਚਾ ਪੱਕਾ ਦੇ ਮੁਖੀ ਹਰਨੇਕ ਸਿੰਘ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂਕਿ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਮ੍ਰਿਤਕਾ ਸੰਦੀਪ ਕੌਰ (33) ਦੇ ਭਰਾ ਹਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਉਸਦੀ ਭੈਣ ਦਾ ਵਿਆਹ ਗੁਰਸਾਹਿਬ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਰਗਿੰਦਪੁਰਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰਸਾਹਿਬ ਸਿੰਘ ਨਸ਼ੇ ਕਰਨ ਦਾ ਆਦੀ ਹੈ। ਨਸ਼ੇ ਦੀ ਆਦਤ ਕਾਰਨ ਉਹ ਆਪਣੀ ਸਾਢੇ ਤਿੰਨ ਏਕੜ ਜ਼ ਮੀਨ ਵੀ ਵੇਚ ਚੁੱਕਾ ਸੀ। ਹੁਣ ਉਕਤ ਵਿਅਕਤੀ ਨਸ਼ੇ ਦੀ ਪੂਰਤੀ ਲਈ ਆਪਣੇ ਬੱਚਿਆਂ ਅਤੇ ਪਤਨੀ ਦੇ ਹਿੱਸੇ ਦਾ ਜ਼ ਮੀਨ ਵੇਚਣਾ ਚਾਹੁੰਦਾ ਸੀ। ਪਰ ਉਸਦੀ ਭੈਣ ਸੰਦੀਪ ਕੌਰ ਗੁਰਸਾਹਿਬ ਸਿੰਘ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ। ਜਿਸ ਕਾਰਨ ਘਰ ਵਿਚ ਅਕਸਰ ਝਗੜਾ ਰਹਿੰਦਾ ਸੀ। ਬੀਤੇ ਦਿਨ ਇਸੇ ਝਗੜੇ ਦੇ ਚੱਲਦਿਆਂ ਗੁਰਸਾਹਿਬ ਸਿੰਘ ਨੇ ਸੰਦੀਪ ਕੌਰ ਦੇ ਸਿਰ ‘ਤੇ ਹਥੌੜਾ ਮਾਰ ਦਿੱਤਾ ਅਤੇ ਬਾਅਦ ਵਿਚ ਤੇਜਧਾਰ ਹਥਿਆਰ ਨਾਲ ਸਾਹ ਰਗ ਵੱਢ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿਚ ਲਖਵਿੰਦਰ ਸਿੰਘ, ਸ਼ੀਰਾ ਸਿੰਘ ਅਤੇ ਗੁਰਮੀਤ ਸਿੰਘ ਨਾਮਕ ਵਿਅਕਤੀਆਂ ਨੇ ਵੀ ਉਸ ਦਾ ਸਾਥ ਦਿੱਤਾ ਹੈ। ਘਟਨਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਗੁਰਸਾਹਿਬ ਸਿੰਘ ਨੇ ਆਪਣੇ ਛੋਟੇ ਲੜਕੇ ਨੂੰ ਕਮਰੇ ਵਿਚ ਬੰਦ ਕਰਕੇ ਬਾਹਰੋਂ ਜਿੰਦਰਾ ਲਗਾ ਦਿੱਤਾ। ਜਦੋਂਕਿ ਵੱਡਾ ਲੜਕਾ ਪਹਿਲਾਂ ਹੀ ਰਿਸ਼ਤੇਦਾਰਾਂ ਕੋਲ ਗਿਆ ਹੋਇਆ ਹੈ।






