ਸੀਨੀਅਰ ਆਗੂਆਂ ਪ੍ਰਤੀ ਨਰਾਜ਼ਗੀ : ਛੋਟੇ ਵਰਕਰਾਂ ਨਾਲ ਕੀਤਾ ਜਾ ਰਿਹਾ ਗ਼ਲਤ ਵਤੀਰਾ : ਧਾਲੀਵਾਲ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਬਚਿੱਤਰ ਸਿੰਘ ਧਾਲੀਵਾਲ ਨਿਵਾਸੀ ਪਿੰਡ ਕੁਰਾਈਵਾਲਾ ਨੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਵਿਰੁੱਧ ਆਪਣੀ ਨਰਾਜਗੀ ਪ੍ਰਗਟ ਕੀਤੀ ਹੈ। ਇਸ ਸੰਬੰਧੀ ਅੱਜ ਗਿੱਦੜਬਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਚਿੱਤਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜੇ ਸਨ ਅਤੇ ਉਦੋਂ ਤੋਂ ਹੀ ਲਗਾਤਾਰ ਪਾਰਟੀ ਲਈ ਜੀਅ ਜਾਨ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਸਾਲ 2017 ਵਿਚ ਉਨ੍ਹਾਂ ਦੀ ਹਲਕਾ ਗਿੱਦੜਬਾਹਾ ਤੋਂ ਵਿਧਾਨ ਸਭਾ ਦੀ ਟਿਕਟ ਕੱਟ ਦਿੱਤੀ ਪਰੰਤੂ ਉਨ੍ਹਾਂ ਇਸ ਸੰਬੰਧੀ ਕੋਈ ਇਤਰਾਜ ਨਹੀਂ ਜਤਾਇਆ ਅਤੇ ਬਾਅਦ ਵਿਚ ਫਿਰ ਉਨ੍ਹਾਂ ਨੂੰ ਫਿਰੋਜਪੁਰ ਲੋਕ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕਰ ਦਿੱਤਾ। ਇਸ ਦੌਰਾਨ ਰਾਜਨੀਤਿਕ ਰੰਜਿਸ਼ ਦੇ ਚੱਲਦਿਆਂ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਵਿਰੁੱਧ 3 ਝੂਠੇ ਮੁਕੱਦਮੇ ਦਰਜ ਹੋਏ ਪਰੰਤੂ ਆਪ ਦੀ ਸੀਨੀਅਰ ਲੀਡਰਸ਼ਿਪ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਅਤੇ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਮਿਲਣ ਦਾ ਸਮਾਂ ਵੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਸੰਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨਾਲ ਮੁਲਾਕਾਤ ਕਰਨਗੇ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਆਮ ਵਰਕਰਾਂ ਨਾਲ ਕੀਤੇ ਜਾ ਰਹੇ ਵਿਹਾਰ ਬਾਰੇ ਜਾਣੂ ਕਰਵਾਉਣਗੇ। ਇਸ ਮੌਕੇ ਉਨ੍ਹਾਂ ਨਾਲ ਸੁਰਜੀ ਸਿੰਘ ਔਲਖ, ਕੁਲਵੀਰ ਸਿੰਘ, ਕੰਵਲਜੀਤ ਕੁਰਾਈਵਾਲਾ, ਬੇਅੰਤ ਸਿੰਘ ਕੁਰਾਈਵਾਲਾ, ਸੇਵਕ ਸਿੰਘ ਸਾਹਿਬਚੰਦ ਅਤੇ ਹਰਪ੍ਰੀਤ ਸਿੰਘ ਸਾਹਿਬਚੰਦ ਆਦਿ ਵੀ ਮੌਜੂਦ ਸਨ।





