
ਮੋਗਾ (ਹੈੱਪੀ ਢੰਡ)ਸੀਨੀਅਰ ਕਪਤਾਨ ਪੁਲਿਸ ਮੋਗਾ ਸ਼੍ਰੀ ਧਰੁਮਨ ਐਚ.ਨਿੰਬਾਲੇ, ਆਈ.ਪੀ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੋਗਾ ਅਧੀਨ ਤਾਇਨਾਤ ਸਮੂਹ ਪੁਲਿਸ ਕਰਮਚਾਰੀਆਂ ਦੀਆਂ ਦੁੱਖ ਤਕਲੀਫਾਂ ਸੁਣਨ ਲਈ ਹਰੇਕ ਸ਼ੁੱਕਰਵਾਰ ਨੂੰ ਦੁਪਿਹਰ 3:30 ਵਜੇ ਡੀ.ਪੀ.ਓ. ਮੋਗਾ ਵਿਖੇ ਅਰਦਲ ਰੂਮ ਲਗਾਇਆ ਜਾਵੇਗਾ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਿਲ੍ਹਾ ਮੋਗਾ ਵਿਖੇ ਤਾਇਨਾਤ ਸਮੂਹ ਪੁਲਿਸ ਕਰਮਚਾਰੀ ਪੈਟਰਨ ਮੁਤਾਬਿਕ ਵਰਦੀ (ਪ੍ਰੇਡ ਡਰੈੱਸ) ਪਹਿਨਕੇ ਅਰਦਲ ਰੂਮ ਵਿੱਚ ਆਪਣੀ ਦੁੱਖ ਤਕਲੀਫ ਦੱਸ ਸਕਦੇ ਹਨ। ਇਸ ਅਰਦਲ ਰੂਮ ਵਿੱਚ ਪੇਸ਼ ਹੋਣ ਵਾਲੇ ਪੁਲਿਸ ਕਰਮਚਾਰੀਆਂ ਦੀਆਂ ਦੁੱਖ ਤਕਲੀਫਾਂ ਦਾ ਨਿਪਟਾਰਾ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮ ਆਮ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਦੂਰ ਕਰਦੇ ਹਨ ਇਸ ਲਈ ਇਹ ਜਰੂਰੀ ਹੈ ਕਿ ਜੇਕਰ ਇਨ੍ਹਾਂ ਮੁਲਾਜ਼ਮਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਨ੍ਹਾਂ ਦਾ ਵੀ ਢੁੱਕਵਾਂ ਹੱਲ ਕੀਤਾ ਜਾਵੇ।
ਸੀਨੀਅਰ ਕਪਤਾਨ ਪੁਲਿਸ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਦਫ਼ਤਰ ਵਿਖੇ ਤਾਇਨਾਤ ਪੁਲਿਸ ਮੁਲਾਜ਼ਮ ਪੂਰੀ ਤਰ੍ਹਾਂ ਸਿਵਲ ਡਰੈੱਸ ਨਹੀ ਪਹਿਨਦੇ ਹਨ ਜਿਸ ਕਰਕੇ ਆਮ ਲੋਕਾਂ ਵਿੱਚ ਪੁਲਿਸ ਵਿਭਾਗ ਦੇ ਅਕਸ ਉਪਰ ਮਾੜਾ ਅਸਰ ਪੈਂਦਾ ਹੈ, ਜਿਸਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੋਗਾ ਦੇ ਪੁਲਿਸ ਦਫ਼ਤਰ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਦੇ ਪਹਿਰਾਵੇ ਸਬੰਧੀ ਵਿਸ਼ੇਸ ਹੁਕਮ ਜਾਰੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਦਫ਼ਤਰ ਵਿੱਚ ਤਾਇਨਾਤ ਸਮੂਹ ਪੁਲਿਸ ਕਰਮਚਾਰੀ ਹਰੇਕ ਸੋਮਵਾਰ ਪੈਟਰਨ ਮੁਤਾਬਿਕ ਵਰਦੀ ਪਹਿਨਕੇ ਆਪਣੀ ਡਿਊਟੀ ਉੱਪਰ ਹਾਜ਼ਰ ਹੋਣਗੇ ਅਤੇ ਹਫ਼ਤੇ ਦੇ ਬਾਕੀ ਦਿਨਾਂ ਵਿੱਚ ਆਪਣੀ ਸੁਵਿਧਾ ਮੁਤਾਬਿਕ ਵਰਦੀ ਜਾਂ ਪੂਰੀ ਤਰ੍ਹਾਂ ਸਿਵਲ ਡਰੈੱਸ ਪਹਿਨਕੇ ਹੀ ਦਫ਼ਤਰ ਆਉਣਗੇ।






