17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ਼ਹੀਦ ਕਿਸਾਨ ਬੀਬੀਆਂ ਅਮਰਜੀਤ ਕੌਰ, ਗੁਰਮੇਲ ਕੌਰ ਅਤੇ ਸੁਖਵਿੰਦਰ ਕੌਰ ਨੂੰ ਵੱਡੀ...

ਸ਼ਹੀਦ ਕਿਸਾਨ ਬੀਬੀਆਂ ਅਮਰਜੀਤ ਕੌਰ, ਗੁਰਮੇਲ ਕੌਰ ਅਤੇ ਸੁਖਵਿੰਦਰ ਕੌਰ ਨੂੰ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ ਵੱਲੋਂ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ

ਮਾਨਸਾ, 07 ਨਵੰਬਰ (ਗੁਰਜੰਟ ਸਿੰਘ ਬਾਜੇਵਾਲੀਆ):- ਲੰਘੀ 28 ਅਕਤੂਬਰ ਨੂੰ ਦਿੱਲੀ ਟਿੱਕਰੀ ਬਾਰਡਰ ਵਿਖੇ ਟਰੱਕ ਹੇਠਾਂ ਕੁਚਲਣ ਕਾਰਨ ਸ਼ਹੀਦ ਹੋਈਆਂ ਤਿੰਨ ਜੁਝਾਰੂ ਔਰਤਾਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ‘ਚ ਉਹਨਾਂ ਦੇ ਜੱਦੀ ਪਿੰਡ ਖੀਵਾ ਦਿਆਲੂ ਵਿਖੇ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ। ਭੋਗ ਸਮਾਪਤੀ ਅਰਦਾਸ ਬੇਨਤੀ ਤੋਂ ਬਾਅਦ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਹੋਈ। ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਭੈਣਾਂ ਭਰਾਵਾਂ ਨੇ ਸ਼ਹੀਦ ਅਮਰਜੀਤ ਕੌਰ, ਗੁਰਮੇਲ ਕੌਰ, ਸੁਖਵਿੰਦਰ ਕੌਰ ਦੀਆਂ ਫੋਟੋਆਂ ਉੱਤੇ ਫੁੱਲ ਚੜਾ ਕੇ ਜੋਸ਼ੀਲੇ ਨਾਅਰੇ ਲਾ ਕੇ ਸਰਧਾਂਜਲੀ ਭੇਂਟ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਮੌਜੂਦਾ ਜਾਨ ਹੂਲਵੇਂ ਘੋਲ ਦੌਰਾਨ ਇਨ੍ਹਾਂ ਤਿੰਨ ਸ਼ਹੀਦ ਭੈਣਾਂ ਸਮੇਤ 700 ਤੋਂ ਉਪਰ ਹੋ ਚੁੱਕੇ ਸ਼ਹੀਦਾਂ ਦੀ ਕੁਰਬਾਨੀ ਦੀ ਜੈ ਜੈਕਾਰ ਕਰਦਿਆਂ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿਲ 2020 ਅਤੇ ਪਰਾਲੀ ਪ੍ਰਦੂਸ਼ਣ ਕਾਨੂੰਨ ਰੱਦ ਕਰਨ ਦੀ ਭਖਵੀ ਮੰਗ ਕੇਂਦਰੀ ਭਾਜਪਾ ਮੋਦੀ ਸਰਕਾਰ ਤੋਂ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਨ੍ਹਾਂ ਕਾਨੂੰਨਾਂ ਰਾਹੀਂ ਖੇਤੀ ਕਿੱਤੇ ਉੱਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ। ਅਜਿਹਾ ਹੋਣ ਨਾਲ ਕਿਸਾਨ ਤਬਕਾ ਬੇਜਮੀਨਾ ਹੋ ਜਾਵੇਗਾ, ਜਿਸ ਦਾ ਮਾੜਾ ਅਸਰ 80 ਪ੍ਰਤੀਸ਼ਤ ਲੋਕਾਂ ‘ਤੇ ਪਵੇਗਾ। ਉਨ੍ਹਾਂ ਕਿਹਾ ਕਿ ਅਮਰਜੀਤ ਕੌਰ, ਸੁਖਵਿੰਦਰ ਕੌਰ, ਗੁਰਮੇਲ ਕੌਰ ਜਸਮਾਨੀ ਤੌਰ ਤੇ ਭਾਵੇਂ ਸਾਡੇ ਵਿਚਕਾਰ ਨਹੀਂ ਰਹੀਆਂ ਪਰ ਉਹਨਾਂ ਦੀ ਕੁਰਬਾਨੀ ਸਦਕਾ ਉਨ੍ਹਾਂ ਦੇ ਨਾਮ ਰਹਿੰਦੀ ਦੁਨੀਆਂ ਤੱਕ ਸੁਨਹਿਰੀ ਅੱਖਰਾਂ ਵਿੱਚ ਚਮਕਦੇ ਰਹਿਣਗੇ। ਇਨ੍ਹਾਂ ਭੈਣਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ ਸਗੋਂ ਮੋਦੀ ਹਕੂਮਤ ਨੂੰ ਆਪਣੇ ਫੈਸਲੇ ਵਾਪਸ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਭੈਣਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਜਿਸ ਕਾਰਜ ਲਈ ਉਹ ਆਪਣੀ ਜਾਨ ਲਗਾ ਗਈਆਂ ਹਨ ਅਸੀਂ ਉਸ ਕਾਰਜ ਨੂੰ ਸਾਰੇ ਜਣੇ ਯੋਗਦਾਨ ਪਾ ਕੇ ਪੂਰਾ ਕਰੀਏ ਅਤੇ ਚੱਲ ਰਹੇ ਮੋਰਚਿਆਂ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਈਏ। ਇਸੇ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦਾ ਵਿਗਲ ਵਜਾ ਕੇ ਇਸ ਸਬੰਧੀ ਸਟੇਜ ਤੋਂ ਐਲਾਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ, 1-1 ਜੀਅ ਨੂੰ ਸਰਕਾਰੀ ਨੌਕਰੀ, ਸਿਰ ਚੜ੍ਹਿਆ ਕਰਜ਼ਾ ਮੁਆਫ ਕਰਨ ਅਤੇ ਜਖ਼ਮੀਆਂ ਦੇ ਇਲਾਜ ਲਈ ਬਣਦਾ ਮੁਆਵਜ਼ਾ ਦੇਣ ਤੋਂ ਪੰਜਾਬ ਸਰਕਾਰ ਘੇਸਲ ਵੱਟ ਰਹੀ ਹੈ। ਸਰਕਾਰ ਖਿਲਾਫ 11 ਨਵੰਬਰ ਤੋਂ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਅੱਗੇ ਦਿਨ ਰਾਤ ਦਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਭੂਰਾ ਸਿੰਘ ਮਾਖਾ, ਸਾਧੂ ਸਿੰਘ ਅਲੀਸ਼ੇਰ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਬੀ.ਕੇ.ਯੂ. ਡਕੌਂਦਾ ਦੇ ਬਲਵੀਰ ਕੌਰ, ਜਮੂਹਰੀ ਕਿਸਾਨ ਸਭਾ ਦੇ ਛੱਜੂ ਰਾਮ ਰਿਸ਼ੀ, ਡਾ. ਧੰਨਾ ਮੱਲ ਗੋਇਲ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਗਸੀਰ ਸਿੰਘ, ਤਰਕਸ਼ੀਲ ਆਗੂ ਮੇਘ ਰਾਜ ਰੱਲਾ ਨੇ ਵੀ ਸੰਬੋਧਨ ਕੀਤਾ।

Today Now News

RELATED ARTICLES
- Advertisment -

POPULAR POSTS