ਭਿੱਖੀਵਿੰਡ/ਖਾਲੜਾ 12 (ਲਖਵਿੰਦਰ ਸਿੰਘ ਗੋਲਣ/ਰਣਬੀਰ ਸਿੰਘ ਗੋਲਣ) ਜ਼ਿਲ੍ਹਾ ਤਰਨਤਾਰਨ ਦੇ ਕਸਬਾ ਭਿੱਖੀਵਿੰਡ ਦੇ ਖੇਮਕਰਨ ਨੇਡ਼ੇ ਪੈਟਰੋਲ ਪੰਪ ਸੜਕ ਕਿਨਾਰੇ ਪੁੱਟੇ ਟੋਏ ਵਿੱਚੋਂ ਬੰਬਨੁਮਾ ਵਸਤੂ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਿੱਖੀਵਿੰਡ ਦੇ ਐੱਸ.ਐੱਚ.ਓ ਜਸਵੰਤ ਸਿੰਘ ਭੱਟੀ ਨੇ ਕਿਹਾ ਕਿ ਖੇਮਕਰਨ ਰੋਡ ਸੜਕ ਦੇ ਕਿਨਾਰੇ ਪ੍ਰਾਈਵੇਟ ਕੰਪਨੀ ਦੁਆਰਾ ਇੱਕ ਪਾਈਪ ਲਾਈਨ ਵਿਛਾਈ ਜਾ ਰਹੀ ਹੈ, ਜਿਸ ਲਈ ਜ਼ਮੀਨ ‘ਚ 10 ਫੁੱਟ ਡੂੰਘੇ ਟੋਏ ਪੁੱਟੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਮਜ਼ਦੂਰ ਟੋਏ ਪੁੱਟ ਰਹੇ ਸਨ ਤਾਂ ਉਨ੍ਹਾਂ ਟੋਇਆਂ ਵਿਚੋਂ ਇੱਕ ਟੋਏ ਵਿੱਚੋਂ ਬੰਬ ਨੁੰਮਾ ਵਸਤੂ ਮਿਲੀ, ਜਿਸਨੂੰ ਇੱਕ ਸੇਵਾ ਮੁਕਤ ਆਰਮੀ ਸੈਨਿਕ ਦੁਆਰਾ ਪਛਾਣੇ ਜਾਣ ਤੋਂ ਬਾਅਦ ਮਾਮਲਾ ਥਾਣਾ ਭਿੱਖੀਵਿੰਡ ਦੇ ਧਿਆਨ ‘ਚ ਲਿਆਂਦਾ ਗਿਆ। ਇਕੱਤਰ ਹੋਈ ਜਾਣਕਾਰੀ ਅਨੁਸਾਰ ਥਾਣਾ ਭਿੱਖੀਵਿੰਡ ਦੀ ਪੁਲਸ ਵੱਲੋਂ ਸਥਿਤੀ ਦਾ ਜਾਇਜ਼ਾ ਲੈਂਦਿਆਂ ਬੰਬਨੁਮਾ ਵਸਤੂ ਵਾਲੀ ਜਗ੍ਹਾ ਨੂੰ ਸੀਲ ਕਰ ਦਿੱਤਾ ਗਿਆ ਅਤੇ ਅੱਗੇ ਦੀ ਕਾਰਵਾਈ ਲਈ ਬੰਬ ਦਸਤੇ ਦੀ ਟੀਮ ਨੂੰ ਬੁਲਾਇਆ ਜਾ ਰਿਹਾ ਹੈ। ਉੱਧਰ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਿੱਖੀਵਿੰਡ ਦੇ ਐੱਸ.ਐੱਚ.ਓ ਜਸਵੰਤ ਸਿੰਘ ਭੱਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਦੇ ਮਾਧਿਅਮ ਤੋਂ ਮੰਗਲਵਾਰ ਸਵੇਰੇ 8 ਵਜੇ ਇੱਕ ਫ਼ੋਨ ਆਇਆ, ਜਿਸ ਵਿੱਚ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਖੇਮਕਰਨ ਭਿੱਖੀਵਿੰਡ ਦੇ ਹਾਈਵੇ ਦੇ ਕਿਨਾਰੇ ਪੁੱਟੇ ਗਏ ਟੋਇਆਂ ਵਿੱਚੋਂ ਇਕ ਟੋਏ ਵਿੱਚੋਂ ਮੋਟਰ ਬੰਬ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗੱਲ ਦੀ ਸੂਚਨਾ ਮਿਲਦਿਆਂ ਹੀ ਉਹ ਆਪਣੀ ਟੀਮ ਨੂੰ ਲੈ ਕੇ ਮੌਕੇ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਦੇਖਿਆ ਕਿ ਮੋਟਰ ਬੰਬ ਕਾਫੀ ਖਰਾਬ ਹਾਲਤ ਵਿਚ ਸੀ ਅਤੇ ਉਸ ਉਪਰ ਕਾਫੀ ਜੰਗਾਲ ਲੱਗਿਆ ਹੋਇਆ ਸੀ। ਇਸ ਮੌਕੇ ਉਨ੍ਹਾਂ ਕਸਬਾ ਭਿੱਖੀਵਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਇੱਕ ਚਿੱਠੀ ਆਈ.ਜੀ ਪੰਜਾਬ ਨੂੰ ਲਿਖੀ ਦਿੱਤੀ ਗਈ ਅਤੇ ਇਸ ਬਾਰੇ ਫ਼ੋਨ ਉੱਤੇ ਵੀ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੱਲ ਬੰਬ ਨਿਰੋਧਕ ਟੀਮ ਇੱਥੇ ਪਹੁੰਚ ਰਹੀ ਹੈ, ਜਿਸ ਦੇ ਬਾਅਦ ਬੰਬਨੁਮਾ ਵਸਤੂ ਨੂੰ ਖਤਮ ਕਰ ਦਿੱਤਾ ਜਾਵੇਗਾ। ਇੱਥੇ ਇਹ ਵੀ ਦੱਸਣਾ ਬੇਹੱਦ ਜ਼ਰੂਰੀ ਹੈ ਕਿ ਇੰਸਪੈਕਟਰ ਜਸਵੰਤ ਸਿੰਘ ਨੇ ਆਸ਼ੰਕਾ ਜਤਾਈ ਕਿ ਸਾਲ 1971 ਵਿੱਚ ਭਾਰਤ-ਪਾਕਿਸਤਾਨ ਵਿਚਕਾਰ ਹੋਏ ਯੁੱਧ ਦੌਰਾਨ ਫੌਜ ਨੇ ਸ਼ਾਇਦ ਇਸ ਮੋਟਰ ਬੰਬ ਨੂੰ ਦਫਨਾਇਆ ਹੋਵੇ।

ਕੈਪਸ਼ਨ : ਕਸਬਾ ਭਿੱਖੀਵਿੰਡ ਦੇ ਖੇਮਕਰਨ ਰੋਡ ਸਥਿਤ ਸੜਕ ਕਿਨਾਰੇ ਪੁੱਟੇ ਟੋਏ ਵਿੱਚ ਮਿਲਿਆ ਮੋਟਰ ਬੰਬ ਅਤੇ ਜਾਣਕਾਰੀ ਦਿੰਦਾ ਮੌਕੇ ਤੇ ਮੌਜੂਦ ਕਾਂਸਟੇਬਲ ਅੰਗਰੇਜ ਸਿੰਘ





