ਲੁਧਿਆਣਾ : ਮੰਗਲਵਾਰ ਨੂੰ ਪਈ ਅੱਤ ਦੀ ਗਰਮੀ ਪਿੱਛੋਂ ਬੁੱਧਵਾਰ ਨੂੰ ਸਵੇਰੇ ਆਏ ਮੀਂਹ ਨੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ। ਅੱਜ ਸਵੇਰ ਤੋਂ ਹੀ ਬੱਦਲ ਛਾਏ ਹੋਏ ਸਨ ਤੇ ਠੰਢੀਆਂ ਹਵਾਵਾਂ ਚੱਲ ਰਹੀਆਂ ਸਨ। ਜ਼ਿਕਰਯੋਗ ਹੈ ਕਿ ਕੱਲ੍ਹ ਗਰਮੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਸੀ। ਅੱਜ ਸਵੇਰੇ ਸਵੇਰੇ ਮੀਂਹ ਆਉਣ ਕਾਰਨ ਬੇਸ਼ੱਕ ਸਕੂਲ ਜਾਣ ਸਮੇਂ ਵਿਦਿਆਰਥੀਆਂ ਅਤੇ ਕਾਰੋਬਾਰੀਆਂ ਨੂੰ ਕੰਮ ਤੇ ਜਾਣ ਵਿੱਚ ਦਿੱਕਤ ਮਹਿਸੂਸ ਹੋਈ ਪਰ ਲੋਕਾਂ ਦੇ ਚਿਹਰਿਆਂ ਤੇ ਰੌਣਕ ਵੇਖਣ ਨੂੰ ਮਿਲੀ।

ਮੌਸਮ ਵਿਭਾਗ ਪੀਏਯੂ (Weather Department PAU) ਦੇ ਮਾਹਿਰ ਡਾ. ਕੁਲਵਿੰਦਰ ਕੌਰ ਗਿੱਲ ਨੇ ‘ਪੰਜਾਬੀ ਜਾਗਰਣ’ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੱਲ੍ਹ ਵੀ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਮੋਹਾਲੀ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਜਦਕਿ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।





