ਮਾਨਸਾ : ਮਰਹੂਮ ਸਿੱਧੂ ਮੂਸੇਵਾਲਾ (Sidhu Moose Wala) ਦੇ ਪਿਤਾ ਬਲਕੌਰ ਸਿੰਘ (Balkaur Singh) ਨੇ ਕਿਹਾ ਕਿ ਅੱਜ ਪਾਪੀ ਲੋਕ ਕਾਨੂੰਨ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਚੁੱਕ ਕੇ ਮਨੁੱਖੀ ਅਧਿਕਾਰਾਂ ਦੀ ਮੰਗ ਕਰਦੇ ਹਨ। ਮੇਰੇ ਬੱਚੇ ਦੇ ਮਨੁੱਖੀ ਅਧਿਕਾਰ ਕਿੱਥੇ ਸਨ। ਕੀ ਉਹ ਘਰ ਤੋਂ ਬਾਹਰ ਇਕੱਲਾ ਨਹੀਂ ਘੁੰਮ ਸਕਦਾ ਸੀ। ਪੁਲਿਸ ਕੁਝ ਲੋਕਾਂ ਨੂੰ ਸੁਰੱਖਿਆ ਦੇ ਸਕਦੀ ਹੈ। ਸਾਨੂੰ ਇਹੋ ਜਿਹਾ ਮਾਹੌਲ ਤਿਆਰ ਕਰਨਾ ਪਵੇਗਾ ਕਿ ਅਸੀਂ ਬੇਖੌਫ਼ ਹੋ ਕੇ ਆਪੋ ਆਪਣੇ ਘਰਾਂ ’ਚ ਸ਼ਾਂਤੀ ਨਾਲ ਜ਼ਿੰਦਗੀ ਬਤੀਤ ਕਰ ਸਕੀਏ। ਜਦ ਇਹ ਪਾਪੀ ਲੋਕ ਪੇਸ਼ੀ ’ਤੇ ਆਉਂਦੇ ਹਨ ਤਾਂ 200 ਬੰਦਾ ਉਨ੍ਹਾਂ ਨਾਲ ਹੁੰਦਾ ਹੈ। ਕੀ ਉਨ੍ਹਾਂ ’ਤੇ ਖ਼ਰਚਾ ਨਹੀਂ ਹੁੰਦਾ। ਸਿੱਧੂ ਦੇ ਪਿਤਾ ਨੇ ਕਿਹਾ ਕਿ ਸਾਡਾ ਪੁੱਤ 2 ਕਰੋਡ਼ ਰੁਪਇਆ ਟੈਕਸ ਭਰਦਾ ਸੀ ਤੇ ਉਸ ਦਾ ਹਸ਼ਰ ਸਾਰਿਆਂ ਦੇ ਸਾਹਮਣੇ ਹੈ। ਸ਼ੁਭਦੀਪ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਸਮਾਜ ਸੇਵਕ ਸੀ ਤੇ ਹੁਣ ਉਸ ਨੂੰ ਬਦਨਾਮ ਕਰਨ ਲਈ ਕੁਝ ਲੋਕ ਮੂੰਹ ਬੰਨ੍ਹ ਕੇ ਇੰਟਰਵਿਊ ਦੇ ਰਹੇ ਹਨ।vਉਨ੍ਹਾਂ ਕਿਹਾ ਕਿ ਟੀਵੀ ਇੰਟਰਵਿਊ ਜ਼ਰੀਏ ਜਿਹਡ਼ੇ ਦੋਸ਼ ਲਗਾ ਰਹੇ ਹਨ ਉਹ ਝੂਠੇ ਤੇ ਬੇਬੁਨਿਆਦ ਹਨ। ਮੇਰੇ ਪੁੱਤ ਤੇ ਪਰਿਵਾਰ ਨੇ ਕਦੇ ਕਿਸੇ ਦਾ ਮਾਡ਼ਾ ਨਹੀਂ ਕੀਤਾ। ਮੇਰਾ ਪੁੱਤ ਬੇਦੋਸ਼ਾ ਤੇ ਕੋਰਾ ਕਾਗਜ਼ ਸੀ ਜਿਸ ’ਤੇ ਪਾਪੀਆਂ ਨੇ ਗੋਲ਼ੀਆਂ ਚਲਾਈਆਂ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਮਾਰ ਕਿਸ ਨੂੰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਇਨਸਾਫ਼ ਸ਼ੂਟਰਾਂ ਨੂੰ ਮਾਰਨ ਜਾਂ ਫਡ਼ਨ ਤਕ ਸੀਮਤ ਨਹੀਂ ਹੈ, ਜਦੋਂ ਤਕ ਸਰਕਾਰਾਂ ਦੇਸ਼ਾਂ ਵਿਦੇਸ਼ਾਂ ’ਚ ਬੈਠੇ ਇਨ੍ਹਾਂ ਦੇ ਆਕਾਵਾਂ ਦਾ ਕੋਈ ਹੱਲ ਨਹੀਂ ਕਰਦੀਆਂ ਉਦੋਂ ਤਕ ਇਨਸਾਫ਼ ਅਧੂਰਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਤਫ਼ਤੀਸ਼ ’ਚ ਲੱਗਿਆ ਵੀ ਹੋਇਆ ਹੈ। ਉਮੀਦ ਕਰ ਸਕਦੇ ਹਾਂ ਕਿ ਕੁਝ ਚੰਗਾ ਸੁਣਨ ਨੂੰ ਮਿਲੇਗਾ।

ਇੱਥੇ ਜ਼ਿਕਰਯੋਗ ਹੈ ਕਿ ਐਤਵਾਰ ਨੂੰ ਵੱਡੀ ਗਿਣਤੀ ’ਚ ਮੂਸਾ ਪਿੰਡ ਪੰਜਾਬ, ਹਰਿਆਣਾ, ਰਾਜਸਥਾਨ ਤੇ ਹੋਰ ਰਾਜਾਂ ’ਚੋਂ ਲੋਕ ਪੁੱਜੇ ਸਨ ਜਿਨ੍ਹਾਂ ਨੇ ਪਿਤਾ ਬਲਕੌਰ ਸਿੱਧੂ ਤੇ ਮਾਤਾ ਚਰਨ ਕੌਰ ਨਾਲ ਹਮਦਰਦੀ ਜ਼ਾਹਿਰ ਕੀਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੂਸੇਵਾਲਾ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਇਕੱਠ ਨੂੰ ਸੰਬੋਧਨ ਕਰਦਿਆਂ ਬਲਕੌਰ ਸਿੰਘ ਸਿੱਧੂ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਪਰਿਵਾਰ ਦੇ ਮੋਢੇ ਨਾਲ ਮੋਢਾ ਲਗਾ ਕੇ ਖਡ਼੍ਹਦੇ ਰਹਿਣਗੇ। ਜ਼ਿਕਰਯੋਗ ਹੈ ਕਿ ਪਰਿਵਾਰ ਵੱਲੋਂ ਅਫ਼ਸੋਸ ਜ਼ਾਹਿਰ ਕਰਨ ਲਈ ਐਤਵਾਰ ਦਾ ਦਿਨ ਨਿਸ਼ਚਿਤ ਕੀਤਾ ਹੋਇਆ ਹੈ। ਸਿੱਧੂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।\





