ਚੰਡੀਗੜ੍ਹ : ਹੁਣ ਤਕ ਦੀ ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਕਾਰਨ ਹੋਈ। ਸਿੱਧੂ ਦਾ ਕਿਸੇ ਗੈਂਗ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਮੂਸੇਵਾਲਾ ਨਾ ਹੀ ਕਿਸੇ ਤਰ੍ਹਾਂ ਦੀ ਅਪਰਾਧਿਕ ਸਰਗਰਮੀ ’ਚ ਸ਼ਾਮਲ ਸੀ। ਸਿੱਧੂ ਮੂਸੇਵਾਲਾ ਹੱਤਿਆ ਕਾਂਡ ਨੂੰ ਸੁਲਝਾਉਣ ਲਈ 250 ਤੋਂ ਜ਼ਿਆਦਾ ਪੰਜਾਬ ਪੁਲਿਸ ਦੇ ਵੱਖ-ਵੱਖ ਵਿੰਗਾਂ ਦੇ ਅਧਿਕਾਰੀ ਤੇ ਮੁਲਾਜ਼ਮ ਕੰਮ ਕਰ ਰਹੇ ਹਨ। ਇਸ ਮਾਮਲੇ ’ਚ ਐੱਸਆਈਟੀ ਵੀ ਗਠਿਤ ਹੈ। ਮਾਮਲੇ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਵੀ ਦੇਖਿਆ ਜਾ ਰਿਹਾ ਹੈ। ਮਾਨਸਾ, ਬਠਿੰਡਾ ਜ਼ਿਲ੍ਹਿਆਂ ਦੇ ਪੁਲਿਸ ਮੁਲਾਜ਼ਮ ਵੀ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਟੀਮਾਂ ਦੀ ਮਦਦ ਕਰ ਰਹੇ ਹਨ ਪਰ ਇਸ ਮਾਮਲੇ ’ਚ ਅਜੇ ਤਿੰਨ ਸ਼ੂਟਰ ਫ਼ਰਾਰ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨੂੰ ਸੁਲਝਾਉਣ ਲਈ ਹੁਣ ਤਕ ਹਜ਼ਾਰਾਂ ਫੋਨ ਕਾਲਾਂ ਦੇ ਡਾਟੇ ਦੀ ਪੁਣਛਾਣ ਕੀਤੀ ਜਾ ਚੁੱਕੀ ਹੈ, ਤਾਂ ਜਾ ਕੇ ਪੁਲਿਸ ਨੂੰ ਕੁਝ ਸੁਰਾਗ ਮਿਲੇ ਜਿਸ ਪਿੱਛੋਂ ਜਾਂਚ ਅੱਗੇ ਵਧੀ। ਸੋਸ਼ਲ ਮੀਡੀਆ ’ਤੇ ਕੀਤੇ ਗਏ ਦਾਅਵਿਆਂ ਦੀ ਜਾਂਚ ਪਿੱਛੋਂ ਪੁਲਿਸ ਦਾ ਮੰਨਣਾ ਹੈ ਕਿ ਜੇਲ੍ਹ ’ਚ ਬੈਠੇ ਲਾਰੈਂਸ ਬਿਸ਼ਨੋਈ ਨੇ ਹੀ ਸਿੱਧੂ ਮੂਸੇਵਾਲਾ ਨੂੰ ਮਾਰਨ ਦਾ ਸਾਜ਼ਿਸ਼ ਰਚੀ ਸੀ। ਪਰ ਹੁਣ ਤਕ ਇਸ ਮਾਮਲੇ ’ਚ ਵਰਤੇ ਗਏ ਹਥਿਆਰਾਂ ਨੂੰ ਪੁਲਿਸ ਬਰਾਮਦ ਨਹੀਂ ਕਰ ਸਕੀ। ਪੰਜਾਬ ਪੁਲਿਸ ਨੇ ਇਸ ਮਾਮਲੇ ’ਚ ਹੁਣ ਤਕ 18 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਸਿੱਧੂ ਦੀ ਬੀਤੀ 29 ਮਈ ਨੂੰ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।ਲਾਰੈਂਸ ਨੂੰ ਪੁਲਿਸ ਵੱਲੋਂ ਸੁਪਰ ਸੁਰੱਖਿਆ

ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਰਚਣ ’ਚ ਸ਼ਾਮਲ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਵੱਲੋਂ ਸੁਪਰ ਸੁਰੱਖਿਆ ਦਿੱਤੀ ਜਾ ਰਹੀ ਹੈ। ਉਸ ਨੂੰ ਅਦਾਲਤ ’ਚ ਪੇਸ਼ੀ ਲਈ ਲਿਜਾਣ ਲਈ 200 ਦੇ ਕਰੀਬ ਅਧਿਕਾਰੀ ਤੇ ਪੁਲਿਸ ਮੁਲਾਜ਼ਮ ਡਿਊਟੀ ਨਿਭਾਅ ਰਹੇ ਹਨ। ਦੋ ਬੁਲਟ ਪਰੂਫ ਗੱਡੀਆਂ ਵੀ ਨਾਲ ਚੱਲਦੀਆਂ ਹਨ। ਲਾਰੈਂਸ ਨੂੰ ਸੁਰੱਖਿਆ ਦੇ ਕੇ ਗਲੈਮਰਾਈਜ਼ ਕਰਨ ਦਾ ਮੁੱਦਾ ਪੰਜਾਬ ਵਿਧਾਨ ਸਭਾ ’ਚ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਉਠਾ ਚੁੱਕੇ ਹਨ।






