ਫਿਰੋਜ਼ਪੁਰ : ਵੀਰਵਾਰ ਸਵੇਰੇ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਕਤਲ ਕਰ ਦਿੱਤੇ ਗਏ ਮਸ਼ਹੂਰ ਵਪਾਰੀ ਅਤੇ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੀ ਮੌਤ ਨੂੰ ਲੈ ਕੇ ਉਨ੍ਹਾਂ ਦੇ ਜੱਦੀ ਸ਼ਹਿਰ ਫਿਰੋਜ਼ਪੁਰ ਵਿਖੇ ਸੋਗ ਦੀ ਲਹਿਰ ਹੈ। ਭਾਵੇਂ ਕਿ ਸਾਲ 1985 ਵਿੱਚ ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾ ਦੇਣ ਦੇ ਦੋਸ਼ ਲੱਗਣ ਨਾਲ ਕੌਮਾਂਤਰੀ ਪੱਧਰ ’ਤੇ ਉਨ੍ਹਾਂ ਦਾ ਅਕਸ ਇਕ ਅੱਤਵਾਦੀ ਵਜੋਂ ਪੇਸ਼ ਕੀਤਾ ਗਿਆ ਸੀ ਪਰ ਰਿਪੁਦਮਨ ਦੇ ਜੱਦੀ ਸ਼ਹਿਰ ਫ਼ਿਰੋਜ਼ਪੁਰ ਛਾਉਣੀ ਵਿਖੇ ਉਨ੍ਹਾਂ ਨੂੰ ਇੱਕ ਨੇਕ ਦਿਲ ਇਨਸਾਨ ਅਤੇ ਦਾਨੀ ਸ਼ਖਸੀਅਤ ਵਜੋਂ ਜਾਣਿਆ ਜਾਂਦਾ ਹੈ। ਫਿਰੋਜ਼ਪੁਰ ਦੇ ਫੌਜੀ ਇਲਾਕੇ ਦੇ ਝੋਕ ਰੋਡ ਦੀ 77 ਨੰਬਰ ਕੋਠੀ ਦੇ ਰਹਿਣ ਵਾਲੇ ਰਿਪੁਦਮਨ ਦੇ ਕਤਲ ਦੀ ਖਬਰ ਜਿਵੇਂ ਹੀ ਮੀਡੀਆ ’ਤੇ ਵਾਇਰਲ ਹੋਈ, ਉਨ੍ਹਾਂ ਦੇ ਪੁਰਾਣੇ ਜਾਣਕਾਰ ਸਤਿੰਦਰ ਸਿੰਘ, ਪ੍ਰਧਾਨ ਖਾਲਸਾ ਗੁਰਦੁਆਰਾ ਇਕਦਮ ਸਦਮੇ ’ਚ ਆ ਗਏ।

ਇਸ ਸਬੰਧੀ ‘ਪੰਜਾਬੀ ਜਾਗਰਣ’ ਨਾਲ ਗੱਲ ਕਰਦਿਆਂ ਸਤਿੰਦਰ ਸਿੰਘ ਨੇ ਆਖਿਆ ਕਿ ਨੇਕ ਅਤੇ ਦਾਨੀ ਆਤਮਾਵਾਂ ਦੇ ਵੀ ਦੁਸ਼ਮਣ ਹੁੰਦੇ ਹਨ, ਇਹ ਜਾਣ ਕੇ ਉਹ ਬਹੁਤ ਹੈਰਾਨ ਹੋਏ ਹਨ। ਉਨ੍ਹਾਂ ਦੱਸਿਆ ਕਿ ਏਅਰ ਇੰਡੀਆ ਜਹਾਜ਼ ਦੇ ਬੰਬ ਧਮਾਕੇ ਵਿੱਚ ਉਨ੍ਹਾਂ ਦਾ ਨਾਂ ਜ਼ਬਰਦਸਤੀ ਪਾਇਆ ਗਿਆ ਸੀ। ਇਸ ਸਬੰਧੀ ਅਦਾਲਤ ਵੱਲੋਂ ਬਰੀ ਕੀਤੇ ਜਾਣ ਨਾਲ ਉਨ੍ਹਾਂ ਦਾ ਅਕਸ ਪਾਕ ਸਾਫ਼ ਹੋ ਕੇ ਸਾਹਮਣੇ ਆਇਆ ਸੀ। ਰਿਪੁਦਮਨ ਤੇ ਉਨ੍ਹਾਂ ਦਾ ਪਰਿਵਾਰ ਇਲਾਕੇ ਵਿੱਚ ਨੇਕ ਦਿਲ ਅਤੇ ਦਾਨ-ਪੁੰਨ ਕਰਨ ਵਾਲੇ ਲੋਕਾਂ ਵਜੋਂ ਜਾਣਿਆ ਜਾਂਦਾ ਹੈ। ਇਲਾਕੇ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਈ ਦੇਣ ਤੋਂ ਲੈ ਕੇ ਮੈਡੀਕਲ ਕੈਂਪ ਲਾਉਣੇ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨਾ ਇਸ ਪਰਿਵਾਰ ਦੇ ਮੁੱਖ ਕੰਮ ਹਨ। ਉਨ੍ਹਾਂ ਹੋਰ ਦੱਸਿਆ ਕਿ ਰਿਪੁਦਮਨ ਦੇ ਦੋ ਹੋਰ ਭਰਾ ਹਨ। ਸਭ ਤੋਂ ਵੱਡੇ ਭਰਾ ਗੁਰਦੀਪ ਸਿੰਘ ਅਮਰੀਕਾ ਵਿੱਚ ਰਹਿੰਦੇ ਹਨ, ਦੂਜੇ ਨੰਬਰ ’ਤੇ ਰਿਪੁਦਮਨ ਸਿੰਘ ਮਲਿਕ ਕੈਨੇਡਾ ਵਿੱਚ ਰਹਿੰਦੇ ਸਨ ਤੇ ਤੀਜੇ ਭਰਾ ਜਸਜੀਤ ਸਿੰਘ ਦਿੱਲੀ ਵਿਚ ਰਹਿੰਦੇ ਹਨ। ਜਸਜੀਤ ਸਿੰਘ ਦਾ ਸਹੁਰਾ ਪਰਿਵਾਰ ਅੰਮ੍ਰਿਤਸਰ ਹੋਣ ਕਾਰਨ ਉਨ੍ਹਾਂ ਦਾ ਹਰ ਮਹੀਨੇ ਇਕ ਚੱਕਰ ਫਿਰੋਜ਼ਪੁਰ ਵੀ ਲੱਗਦਾ ਸੀ।




