ਪਟਿਆਲਾ : ਸ੍ਰੀ ਕਾਲੀ ਮਾਤਾ ਮੰਦਰ ਦੀ ਕੰਧ ‘ਤੇ ਖ਼ਾਲਿਸਤਾਨ ਦਾ ਪੋਸਟਰ ਲਗਾ ਦਿੱਤਾ ਗਿਆ ਜਿਸ ਬਾਰੇ ਸ਼ੁੱਕਰਵਾਰ ਸਵੇਰੇ ਪਤਾ ਲੱਗਿਆ ਹੈ। ਤੜਕ ਸਵੇਰੇ ਪੁਲਿਸ ਨੇ ਪੋਸਟਰ ਪਾੜ ਦਿੱਤਾ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋ ਧਿਰਾਂ ‘ਚ ਮੰਦਰ ਦੇ ਬਾਹਰ ਹੋਈ ਖ਼ੂਨੀ ਝੜਪ ਤੋਂ ਬਾਅਦ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਵਧਾਏ ਗਏ ਹਨ, ਇਸ ਦੇ ਬਾਵਜੂਦ ਮੰਦਰ ਦੀ ਕੰਧ ‘ਤੇ ਅਜਿਹੇ ਪੋਸਟਰ ਲੱਗਣਾ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦਾ ਹੈ।
ਸੂਤਰਾਂ ਅਨੁਸਾਰ ਸਵੇਰੇ 5 ਵਜੇ ਤਕ ਮੰਦਰ ਦੇ ਸੁਰੱਖਿਆ ਮੁਲਾਜ਼ਮ ਮੌਜੂਦ ਸਨ, ਉਦੋਂ ਤਕ ਕਿਸੇ ਵੀ ਕੰਧ ‘ਤੇ ਕੋਈ ਪੋਸਟਰ ਨਜ਼ਰ ਨਹੀਂ ਆਇਆ ਸੀ। ਪਟਿਆਲਾ ਪੁਲਿਸ ਵੱਲੋਂ ਮੰਦਰ ਦੇ ਮੁੱਖ ਗੇਟ ਦੇ ਬਾਹਰ ਬੈਰੀਕੇਡ ਲਗਾਉਣ ਦੇ ਨਾਲ ਹੋਰ ਮੁਲਾਜ਼ਮ ਵੀ ਤਾਇਨਾਤ ਹਨ। ਇਸ ਤੋਂ ਇਲਾਵਾ ਮੰਦਰ ਨੂੰ ਲੱਗਦੀਆਂ ਸੜਕਾਂ ‘ਤੇ ਵੀ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਦਾ ਪਹਿਰਾ ਰਹਿੰਦਾ ਹੈ। ਇੰਨੇ ਵੱਡੇ ਪੱਧਰ ‘ਤੇ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਜੂਦ ਖ਼ਾਲਿਸਤਾਨ ਦਾ ਪੋਸਟਰ ਮੰਦਰ ਦੀ ਕੰਧ ‘ਤੇ ਲੱਗਣਾ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਇਸ ਸਬੰਧੀ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦੀ ਇਕ ਵੀਡੀਓ ਵੀ ਪਟਿਆਲਾ ‘ਚ ਵਾਇਰਲ ਕੀਤੀ ਗਈ ਹੈ।






