
ਮੋਹਾਲੀ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਰਾਤ 11.30 ਵਜੇ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿਖੇ ਅਚਨਚੇਤ ਜਾਂਚ ਕੀਤੀ। ਸਿਹਤ ਮੰਤਰੀ ਦੀ ਆਮਦ ਬਾਰੇ ਕਿਸੇ ਵੀ ਅਧਿਕਾਰੀ ਨੂੰ ਸੂਚਨਾਂ ਨਹੀੰ ਸੀ ਇਸ ਲਈ ਮੌਕੇ ‘ਤੇ ਅਧਿਕਾਰੀ ਪੁੱਜ ਨਹੀਂ ਸਕੇ। ਜੌੜੇਮਾਜਰਾ ਨੇ ਐਮਰਜੈਂਸੀ ਵਾਰਡ ‘ਚ ਦਾਖ਼ਲ ਮਰੀਜ਼ਾਂ ਨਾਲ ਸਿਹਤ ਸਹੂਲਤਾਂ ਬਾਰੇ ਗੱਲਬਾਤ ਕੀਤੀ ਅਤੇ ਦਵਾਈਆਂ ਪ੍ਰਾਪਤ ਹੋਣ ਬਾਰੇ ਜਾਣਕਾਰੀ ਲਈ। ਇਸ ਦੌਰਾਨ ਉਸਨੇ ਹਾਜ਼ਰ ਈਐੱਮਓ ਡਾ ਜਸ਼ਨ ਨੂੰ ਹਸਪਤਾਲ ‘ਚ ਸਫ਼ਾਈ ਵਿਵਸਥਾ ‘ਤੇ ਧਿਆਨ ਦੇਣ ਦੀ ਗੱਲ ਕਹੀ। ਵੇਰਵਿਆਂ ਅਨੁਸਾਰ ਜਿਸ ਵਾਰਡ ‘ਚ ਮੰਤਰੀ ਜਾਂਚ ਕਰ ਰਿਹਾ ਸੀ ਉਥੇ ਫ਼ਰਸ਼ ਤੇ ਆਲ਼ੇ-ਦੁਆਲ਼ੇ ਸਫ਼ਾਈ ਦੀ ਘਾਟ ਸੀ ਇਸੇ ਤਰ੍ਹਾਂ ਹੱਥ ਧੋਣ ਵਾਲੀ ਥਾਂ ‘ਤੇ ਵੀ ਸਫ਼ਾਈ ਦੇ ਹਾਲਾਤ ਬਹੁਤੇ ਚੰਗੇ ਨਹੀੰ ਸਨ। ਜਿਸ ਕਰਕੇ ਉਸਨੇ ਸਫ਼ਾਈ ਵੱਲ ਧਿਆਨ ਦੇਣ ਦੇ ਹੁਕਮ ਵੀ ਦਿੱਤੇ। ਜੌੜੇਮਾਜਰਾ ਕਰੀਬ ਘੰਟਾ ਹਸਪਤਾਲ ‘ਚ ਜਾਂਚ ਕਰਦੇ ਰਹੇ ਹੋਰਨਾਂ ਵਾਰਡਾਂ ਵਿੱਚ ਵੀ ਮਰੀਜ਼ਾਂ ਤੋੰ ਬਿਮਾਰੀ ਤੇ ਦਾਖ਼ਲ ਹੋਣ ਦੇ ਕਾਰਨਾਂ ਬਾਰੇ ਪਤਾ ਕੀਤਾ। ਸਿਹਤ ਮੰਤਰੀ ਨੇ ਕਾਫ਼ੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਲੜਾਈ-ਝਗੜੇ ਵਾਲੇ ਕੇਸਾਂ ਦੀ ਐੱਮਐੱਲਆਰ ਕੱਟਣ ਬਾਰੇ ਵੀ ਡਾਕਟਰਾਂ ਨੂੰ ਹਦਾਇਤ ਕੀਤੀ। ਸਫ਼ਾਈ ਦੀ ਘਾਟ ਕਰਕੇ ਮੰਤਰੀ ਨੇ ਸਫ਼ਾਈ ਸੇਵਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਡਿਊਟੀ ਦੇ ਸ਼ੁਰੂ ਹੋਣ ਦਾ ਸਮਾਂ ਪੁੱਛਿਆ। ਪੜਤਾਲ਼ ਦਾ ਕੰਮ ਚੱਲਦਾ ਰਿਹਾ ਅਤੇ ਜੌੜੇਮਾਜਰਾ ਨੇ ਰਾਤ ਵੇਲੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦੇਣ ਦੇ ਹੁਕਮ ਦਿੱਤੇ





