ਪਟਿਆਲਾ : ਸਰਕਾਰੀ ਬਾਲ ਘਰਾਂ ’ਚੋਂ ਲਾਪਤਾ ਹੋਏ 1450 ਬੱਚਿਆਂ ਦਾ ਸੁਰਾਗ ਨਾ ਮਿਲਣ ਸਬੰਧੀ ਪੰਜਾਬੀ ਜਾਗਰਣ ’ਚ ਛਪੀ ਰਿਪੋਰਟ ਨੇ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮਾਮਲਾ ਡੀਜੀਪੀ ਪੰਜਾਬ ਗੌਰਵ ਯਾਦਵ ਕੋਲ ਪੁੱਜ ਗਿਆ ਹੈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਪੰਜਾਬੀ ਜਾਗਰਣ ਨੇ ਆਰਟੀਆਈ ਤਹਿਤ ਮਿਲੀ ਜਾਣਕਾਰੀ ’ਤੇ ਅਧਾਰਿਤ ਮੰਗਲਵਾਰ ਨੂੰ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਇਸ ’ਚ ਦੱਸਿਆ ਗਿਆ ਸੀ ਕਿ ਪੰਜਾਬ ਦੇ ਸਰਕਾਰੀ ਬਾਲ ਘਰਾਂ ’ਚੋਂ ਬੀਤੇ ਅੱਠ ਸਾਲਾਂ ’ਚ ਵੱਡੀ ਗਿਣਤੀ ਬੱਚੇ ਲਾਪਤਾ ਹੋਏ ਹਨ। ਇਨ੍ਹਾਂ ’ਚ ਵੀ ਕੁਡ਼ੀਆਂ ਦੀ ਗਿਣਤੀ ਵਧੇਰੇ ਹੈ। ਇਹ ਅੰਕਡ਼ੇ ਪੁਲਿਸ ਤੇ ਸਿਵਿਲ ਪ੍ਰਸ਼ਾਸਨ ਦੀ ਲਾਪਰਵਾਹੀ ਵੱਲ ਸੰਕੇਤ ਕਰਦੇ ਹਨ। ਡੀਜੀਪੀ ਨੂੰ ਈ-ਮੇਲ ਜ਼ਰੀਏ ਇਸ ਮਾਮਲੇ ’ਚ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਨੇ ਫ਼ੌਰੀ ਤੌਰ ’ਤੇ ਸ਼ਿਕਾਇਤ ਦੀ ਪਡ਼ਤਾਲ ਲਈ ਏਡੀਜੀਪੀ ਨੂੰ ਨਿਰਦੇਸ਼ ਦੇ ਦਿੱਤੇ। ਇਸਦੇ ਨਾਲ ਹੀ ਆਈਜੀ ਪਟਿਆਲਾ ਨੂੰ ਵੀ ਮਾਮਲੇ ਸਬੰਧੀ ਹੋਰ ਵੇਰਵੇ 30 ਦਿਨ ਦੇ ਅੰਦਰ ਇਕੱਤਰ ਕਰਕੇ ਏਡੀਜੀਪੀ ਦਫ਼ਤਰ ਪੇਸ਼ ਕਰਨ ਲਈ ਕਿਹਾ ਗਿਆ ਹੈ।










