
ਹਠੂਰ : ਨੇਡ਼ਲੇ ਪਿੰਡ ਲੱਖਾ ਵਿਖੇ ਉੱਚੀ ਆਵਾਜ਼ ’ਚ ਗੀਤ ਬੰਦ ਕਰਨ ਦਾ ਕਹਿਣ ’ਤੇ ਨਸ਼ੇਡ਼ੀ ਪੁੱਤ ਨੇ ਪਿਓ ਦੇ ਸਿਰ ’ਚ ਘੋਟਣਾ ਮਾਰ ਕੇ ਮਾਰ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਲੱਖਾ ਵਾਸੀ ਕਰਮ ਸਿੰਘ ਉਰਫ਼ ਨਿੱਕਾ ਪੁੱਤਰ ਜਗਰੂਪ ਸਿੰਘ ਆਪਣੇ ਘਰ ’ਚ ਸੋਮਵਾਰ ਰਾਤ ਨੂੰ ਉੱਚੀ ਆਵਾਜ਼ ’ਚ ਗੀਤ ਸੁਣ ਰਿਹਾ ਸੀ। ਨਸ਼ੇ ਦੀ ਲੋਰ ਵਿਚ ਗੀਤ ਦੀ ਉੱਚੀ ਆਵਾਜ਼ ਕਾਰਨ ਘਰ ਤੇ ਆਂਢ ਗੁਆਂਢ ਦੇ ਪਰੇਸ਼ਾਨ ਹੋ ਰਹੇ ਲੋਕਾਂ ਤੋਂ ਅਣਜਾਣ ਨਿੱਕਾ ਵਾਰ-ਵਾਰ ਆਵਾਜ਼ ਵਧਾ ਘਟਾ ਰਿਹਾ ਸੀ। ਇਸ ’ਤੇ ਅਖ਼ੀਰ ਕੁਝ ਸਮੇਂ ਬਾਅਦ ਉਸ ਦੇ ਪਿਤਾ ਜਗਰੂਪ ਸਿੰਘ ਨੇ ਆਵਾਜ਼ ਹੌਲੀ ਕਰਨ ਲਈ ਕਹਿ ਦਿੱਤਾ। ਬਸ ਫਿਰ ਕੀ ਸੀ ਨਸ਼ੇਡ਼ੀ ਨਿੱਕਾ ਇਸ ਗੱਲ ’ਤੇ ਆਪਣੇ ਪਿਓ ਨਾਲ ਜਿੱਦਣ ਲੱਗਾ ਤੇ ਉਸ ਨੇ ਆਵਾਜ਼ ਹੌਲੀ ਕਰਨ ਤੋਂ ਮਨ੍ਹਾਂ ਕਰ ਦਿੱਤਾ। ਜਿਸ ’ਤੇ ਦੋਵਾਂ ’ਚ ਤਕਰਾਰ ਹੋ ਗਈ। ਦੇਖਦੇ ਹੀ ਦੇਖਦੇ ਦੋਵਾਂ ’ਚ ਹੋਈ ਤਕਰਾਰ ਤੋਂ ਬਾਅਦ ਨਿੱਕੇ ਨੇ ਘੋਟਣਾ ਚੁੱਕਿਆ ਤੇ ਆਪਣੇ ਪਿਓ ਦੇ ਸਿਰ ’ਚ ਮਾਰ ਦਿੱਤਾ। ਘੋਟਣੇ ਦੀ ਸੱਟ ਇੰਨੀ ਜ਼ਬਰਦਸਤ ਸੀ ਕਿ ਉਸ ਦਾ ਪਿਓ ਜਗਰੂਪ ਸਿੰਘ ਮੌਕੇ ’ਤੇ ਹੀ ਦਮ ਤੋਡ਼ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਹਠੂਰ ਦੇ ਮੁਖੀ ਹਰਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਖ਼ੂਨ ਨਾਲ ਲਥਪਥ ਜਗਰੂਪ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਤੇ ਕਤਲ ਕਰ ਕੇ ਫ਼ਰਾਰ ਹੋਏ ਉਸ ਦੇ ਪੁੱਤ ਦੀ ਤਲਾਸ਼ ਲਈ ਛਾਪੇਮਾਰੀ ਕੀਤੀ। ਪੁਲਿਸ ਨੇ ਕੁਝ ਘੰਟਿਆਂ ਬਾਅਦ ਹੀ ਦੇਰ ਰਾਤ ਨਿੱਕਾ ਨੂੰ ਗ੍ਰਿਫ਼ਤਾਰ ਕਰ ਲਿਆ।




