ਲੁਧਿਆਣਾ : ਪੰਜਾਬ ‘ਚ ਮੌਨਸੂਨ (Monsoon IN Punjab) ਪੂਰੀ ਤਰ੍ਹਾਂ ਸਰਗਰਮ ਹੈ। ਸ਼ਨਿੱਚਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪੈਣ ਤੋਂ ਬਾਅਦ ਐਤਵਾਰ ਨੂੰ ਵੀ ਲੁਧਿਆਣਾ, ਚੰਡੀਗੜ੍ਹ, ਫਤਿਹਗੜ੍ਹ ਸਾਹਿਬ, ਮੋਹਾਲੀ, ਰੋਪੜ ‘ਚ ਵੀ ਮੌਨਸੂਨ ਦੀ ਬਾਰਿਸ਼ ਹੋਈ। ਇਸ ਕਾਰਨ ਇਨ੍ਹਾਂ ਸਾਰੇ ਜ਼ਿਲ੍ਹਿਆਂ ‘ਚ ਦਿਨ ਦਾ ਤਾਪਮਾਨ ਆਮ ਨਾਲੋਂ ਦੋ ਤੋਂ ਤਿੰਨ ਡਿਗਰੀ ਘੱਟ ਦਰਜ ਕੀਤਾ ਗਿਆ। ਮੌਸਮ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਲੁਧਿਆਣਾ ‘ਚ 11.6 ਮਿਲੀਮੀਟਰ, ਰੋਪੜ ‘ਚ 2.2 ਮਿਲੀਮੀਟਰ, ਮੁਹਾਲੀ ‘ਚ 1.2 ਮਿਲੀਮੀਟਰ, ਫਤਿਹਗੜ੍ਹ ਸਾਹਿਬ ਵਿੱਚ 0.5 ਮਿਲੀਮੀਟਰ ਅਤੇ ਚੰਡੀਗੜ੍ਹ ਵਿੱਚ 2.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਅਨੁਸਾਰ ਸੋਮਵਾਰ ਤੇ ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। 13 ਜੁਲਾਈ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਦੋ ਦਿਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਖਾਸ ਕਰਕੇ ਪਹਾੜੀ ਖੇਤਰਾਂ ਨਾਲ ਲੱਗਦੇ ਜ਼ਿਲ੍ਹਿਆਂ ‘ਚ ਆਮ ਨਾਲੋਂ ਵੱਧ ਬਾਰਿਸ਼ ਹੋ ਸਕਦੀ ਹੈ।ਲੁਧਿਆਣਾ ‘ਚ ਧੁੱਪ ਨਿਕਲੀ, ਦੁਪਹਿਰ ਨੂੰ ਮੁੜ ਵਾਪਸੀ ਕਰਨਗੇ ਬੱਦਲ
ਲੁਧਿਆਣਾ ‘ਚ ਪਿਛਲੇ ਤਿੰਨ ਦਿਨਾਂ ਤੋਂ ਹਰ ਰੋਜ਼ ਸਵੇਰੇ ਬੱਦਲ ਦਸਤਕ ਦੇ ਰਹੇ ਸਨ ਜਿਸ ਕਾਰਨ ਮੌਸਮ ਸੁਹਾਵਣਾ ਹੋ ਗਿਆ ਸੀ, ਪਰ ਸੋਮਵਾਰ ਸਵੇਰੇ ਬੱਦਲ ਗਾਇਬ ਹੋ ਗਏ ਤੇ ਧੁੱਪ ਨਿਕਲ ਆਈ। ਸੂਰਜ ਨਿਕਲਦੇ ਸਾਰ ਹੀ ਲੋਕਾਂ ਨੂੰ ਫਿਰ ਤੋਂ ਕੜਾਕੇ ਦੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਸਵੇਰ ਦਾ ਤਾਪਮਾਨ 23 ਡਿਗਰੀ ਸੈਲਸੀਅਸ ਸੀ। ਜੇਕਰ ਮੌਸਮ ਵਿਭਾਗ ਦੀ ਭਵਿੱਖਬਾਣੀ ‘ਤੇ ਵਿਸ਼ਵਾਸ ਕੀਤਾ ਜਾਵੇ ਤਾਂ ਦੁਪਹਿਰ ਬਾਅਦ ਸ਼ਹਿਰ ‘ਚ ਫਿਰ ਤੋਂ ਬੱਦਲ ਡੇਰਾ ਲਗਾ ਸਕਦੇ ਹਨ।ਜਲੰਧਰ ‘ਚ ਵੀ ਸੂਰਜ ਦੇਵ ਵਧਾਉਣਗੇ ਗਰਮੀ

ਜਲੰਧਰ ‘ਚ ਸੋਮਵਾਰ ਸੂਰਜ ਦੇਵਤਾ ਆਪਣਾ ਗਰਮ ਰੁਖ ਦਿਖਾਉਂਦੇ ਹੋਏ ਫਿਰ ਤੋਂ ਗਰਮੀ ਵਰ੍ਹਾਉਣਗੇ। ਸ਼ਨਿਚਰਵਾਰ ਨੂੰ ਸ਼ਹਿਰ ‘ਚ ਪਏ ਮੀਂਹ ਕਾਰਨ ਦਿਨ ਭਰ ਮੌਸਮ ਕਾਫੀ ਸੁਹਾਵਣਾ ਬਣਿਆ ਰਿਹਾ। ਦੂਜੇ ਪਾਸੇ ਐਤਵਾਰ ਨੂੰ ਹਲਕੀ ਬੱਦਲਵਾਈ ਕਾਰਨ ਤਾਪਮਾਨ 4 ਡਿਗਰੀ ਤੋਂ ਵੱਧ ਡਿੱਗ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ 6 ਦਿਨਾਂ ਤਕ ਹਾਲੇ ਵੀ ਮੀਂਹ ਪੈਣ ਦੇ ਆਸਾਰ ਬਣੇ ਹੋਏ ਹਨ।



