ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ IFS ਅਫ਼ਸਰ ਵਿਸ਼ਾਲ ਚੌਹਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। IFS ਅਫ਼ਸਰ ਵਿਸ਼ਾਲ ਚੌਹਾਨ ਖ਼ਿਲਾਫ਼ 02 ਜੁਲਾਈ ਨੂੰ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਹੋਇਆ ਸੀ, ਜਿਸ ’ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਭ੍ਰਿਸ਼ਟਾਚਾਰ ਮਾਮਲੇ ਵਿੱਚ ਕਾਰਵਾਈ: ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਵਣ ਮੰਡਲ ਅਫਸਰ ਮੁਹਾਲੀ ਗੁਰਅਮਨਪ੍ਰੀਤ ਸਿੰਘ ਅਤੇ ਠੇਕੇਦਾਰ ਹਰਮਹਿੰਦਰ ਸਿੰਘ ਉਰਫ ਹੰਮੀ ਤੋਂ ਪੁੱਛਗਿੱਛ ਕੀਤੀ ਗਈ ਅਤੇ ਇਸੇ ਸੰਬੰਧੀ ਕੀਤੀ ਤਫਤੀਸ਼ ਦੌਰਾਨ ਵਣਪਾਲ ਵਿਸ਼ਾਲ ਚੌਹਾਨ ਆਈਐਫਐਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਕੋਲੋਨਾਈਜਰ ਦਵਿੰਦਰ ਸਿੰਘ ਸੰਧੂ ਦੀ ਕੰਪਨੀ ਤੋਂ ਮੰਗੀ ਸੀ ਰਿਸ਼ਵਤ: ਉਹਨਾਂ ਨੇ ਦੱਸਿਆ ਕਿ ਵਿਸ਼ਾਲ ਚੌਹਾਨ ਗੁਰਅਮਨਪ੍ਰੀਤ ਸਿੰਘ ਅਤੇ ਠੇਕੇਦਾਰ ਹਰਮਹਿੰਦਰ ਸਿੰਘ ਉਰਫ ਹੰਮੀ ਨਾਲ ਮਿਲਕੇ ਕੋਲੋਨਾਈਜਰ ਦਵਿੰਦਰ ਸਿੰਘ ਸੰਧੂ ਦੀ ਕੰਪਨੀ ਪਾਸੋਂ ਮੋਟੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਉਹਨਾਂ ਨੇ ਦੱਸਿਆ ਕਿ ਕੋਲੋਨਾਈਜਰ ਦਵਿੰਦਰ ਸਿੰਘ ਸੰਧੂ ਨੂੰ ਇਹ ਸਰਕਾਰੀ ਕਾਰਵਾਈ ਦਾ ਡਰਾਵਾ ਦੇ ਕੇ ਰਿਸ਼ਵਤ ਦੀ ਮੰਗ ਕਰ ਰਹੇ ਹਨ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਦਵਿੰਦਰ ਸਿੰਘ ਸੰਧੂ ਵਾਸੀ ਮਕਾਨ ਨੰਬਰ 292 ਸੈਕਟਰ 10 ਚੰਡੀਗੜ੍ਹ ਪਾਸ ਪਿੰਡ ਮਸੌਲ ਅਤੇ ਟਾਂਡਾ, ਸਬ ਤਹਿਸੀਲ ਮਾਜਰੀ ਜ਼ਿਲਾ ਐਸਏਐਸ ਨਗਰ ਵਿਖੇ ਕਰੀਬ 100 ਏਕੜ ਜ਼ਮੀਨ ਕੰਪਨੀ ਦੇ ਨਾਮ ਉੱਪਰ ਹੈ। ਇਸ ਜ਼ਮੀਨ ਦਾ ਕੁਝ ਹਿੱਸਾ ਪੀਐਲਪੀਏ ਕਾਨੂੰਨ ਦੀ ਧਾਰਾ 4 ਅਧੀਨ ਆਉਦਾ ਹੈ।ਉਨਾਂ ਦੱਸਿਆ ਕਿ ਮਿਤੀ 24-04-2022 ਨੂੰ ਰਣਜੋਧ ਸਿੰਘ ਰੇਂਜ ਅਫਸਰ ਵੱਲੋਂ ਦਵਿੰਦਰ ਸਿੰਘ ਸੰਧੂ ਦੇ ਪਿਤਾ ਕਰਨਲ ਬਲਜੀਤ ਸਿੰਘ ਸੰਧੂ ਅਤੇ ਉਨਾਂ ਦੇ ਦਫਤਰ ਦੇ ਕਰਮਚਾਰੀ ਤਰਸੇਮ ਸਿੰਘ ਖ਼ਿਲਾਫ਼ ਕੁਦਰਤੀ ਜੰਗਲੀ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਇਲਜ਼ਾਮ ਲਗਾ ਕੇ ਇੱਕ ਸ਼ਿਕਾਇਤ ਮੁੱਖ ਅਫ਼ਸਰ ਥਾਣਾ ਨਵਾਂ ਗਰਾਉ ਨੂੰ ਦਿੱਤੀ ਗਈ ਸੀ। ਇਸ ਉਪਰੰਤ ਮਿਤੀ 27-04-2022 ਨੂੰ ਦਵਿੰਦਰ ਸਿੰਘ ਸੰਧੂ ਨੂੰ ਰਣਜੋਧ ਸਿੰਘ ਰੇਂਜ ਅਫਸਰ ਅਤੇ ਅਮਨ ਜੰਗਲਾਤ ਪਟਵਾਰੀ ਨੇ ਨੇ ਕਿਹਾ ਕਿ ਜੋ ਉਕਤ ਦਰਖਾਸਤ ਉਸ ਵੱਲੋਂ ਥਾਣਾ ਨਵਾਂ ਗਰਾਉ ਵਿਖੇ ਦਿੱਤੀ ਗਈ ਹੈ ਇਹ ਦਰਖ਼ਾਸਤ ਉਸਨੇ ਗੁਰਅਮਨਪ੍ਰੀਤ ਸਿੰਘ ਅਤੇ ਵਿਸ਼ਾਲ ਚੌਹਾਨ ਵਣਪਾਲ ਸ਼ਿਵਾਲਿਕ ਸਰਕਲ ਦੇ ਕਹਿਣ ਤੇ ਦਿੱਤੀ ਹੈ। ਇਸ ਲਈ ਤੁਸੀਂ ਇਸ ਸਬੰਧੀ ਉਨਾਂ ਨੂੰ ਮਿਲ ਕੇ ਗੱਲਬਾਤ ਕਰੋ ਨਹੀਂ ਤਾਂ ਤੁਹਾਡੇ ਖ਼ਿਲਾਫ਼ ਐਫਆਈਆਰ ਦਰਜ ਕਰਵਾ ਦਿੱਤੀ ਜਾਵੇਗੀ।






