ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਬੁੱਧਵਾਰ ਰਾਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੁਝ ਸਮਾਂ ਪਹਿਲਾਂ ਹੀ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਇਸ ਵਿੱਚ ਅਦਾਲਤ ਨੇ ਊਧਵ ਠਾਕਰੇ ਸਰਕਾਰ ਨੂੰ ਵੀਰਵਾਰ ਨੂੰ ਹੀ ਬਹੁਮਤ ਸਾਬਤ ਕਰਨ ਦਾ ਹੁਕਮ ਦਿੱਤਾ ਸੀ। ਰਾਜਪਾਲ ਨੇ ਊਧਵ ਸਰਕਾਰ ਨੂੰ ਆਪਣਾ ਬਹੁਮਤ ਸਾਬਤ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ, “ਮੈਨੂੰ ਸਮਰਥਨ ਦੇਣ ਲਈ ਮੈਂ NCP ਅਤੇ ਕਾਂਗਰਸ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਸ਼ਿਵ ਸੈਨਾ ਤੋਂ ਅਨਿਲ ਪਰਬ, ਸੁਭਾਸ਼ ਦੇਸਾਈ ਅਤੇ ਆਦਿਤਿਆ ਠਾਕਰੇ, ਇਹ ਲੋਕ ਮਤਾ ਪਾਸ ਹੋਣ ਵੇਲੇ ਹੀ ਮੌਜੂਦ ਸਨ, ਜਦਕਿ ਐਨਸੀਪੀ ਅਤੇ ਕਾਂਗਰਸ ਦੇ ਲੋਕਾਂ ਨੇ ਵੀ ਮਤੇ ਦਾ ਸਮਰਥਨ ਕੀਤਾ।” ਇਸ ਫੈਸਲੇ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਊਧਵ ਠਾਕਰੇ ਨੇ ਫੇਸਬੁੱਕ ਲਾਈਵ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਬਾਗੀ ਵਿਧਾਇਕਾਂ ਅਤੇ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਊਧਵ ਨੇ ਕਿਹਾ ਕਿ ਉਨ੍ਹਾਂ ਨੂੰ ਜਨਤਾ ਦਾ ਆਸ਼ੀਰਵਾਦ ਚਾਹੀਦਾ ਹੈ, ਉਹ ਇਸ ਤੋਂ ਵੱਧ ਕੁਝ ਨਹੀਂ ਚਾਹੁੰਦੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿੰਨੇ ਵਿਧਾਇਕ ਉਨ੍ਹਾਂ ਦੇ ਸਮਰਥਨ ‘ਚ ਹਨ। ਠਾਕਰੇ ਨੇ ਕਿਹਾ ਕਿ ਉਨ੍ਹਾਂ ਲਈ ਸਿਰਫ਼ ਸ਼ਿਵ ਸੈਨਿਕ ਹੀ ਮਾਇਨੇ ਰੱਖਦੇ ਹਨ।






