
ਸੈਕਰਾਮੈਂਟੋ 27 ਜੂਨ (ਹੁਸਨ ਲੜੋਆ ਬੰਗਾ)- ਸ਼ਿਕਾਗੋ ਦੇ ਦੱਖਣ ਵਿਚ ਇਕ 5 ਮਹੀਨੇ ਦੀ ਬੱਚੀ ਗੰਨ ਹਿੰਸਾ ਦਾ ਸ਼ਿਕਾਰ ਬਣੀ ਹੈ। ਪੁਲਿਸ ਤੇ ਕੁੱਕ ਕੌਂਟੀ ਮੈਡੀਕਲ ਜਾਂਚ ਅਧਿਕਾਰੀ ਅਨੁਸਾਰ ਸੈਸਸੀਲੀਆ ਥਾਮਸ ਨਾਮੀ ਬੱਚੀ ਕਾਰ ਦੀ ਪਿਛਲੀ ਸੀਟ ਉਪਰ ਬੈਠੀ ਸੀ ਜਦੋਂ ਨਾਲ ਖੜੇ ਇਕ ਹੋਰ ਵਾਹਣ ਵਿਚੋਂ ਗੋਲੀ ਚਲਾਈ ਗਈ ਜੋ ਬੱਚੀ ਦੇ ਸਿਰ ਵਿਚ ਵੱਜੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਥੋਹੜੀ ਦੇਰ ਬਾਅਦ ਉਹ ਦਮ ਤੋੜ ਗਈ। ਅਮਰੀਕਾ ਵਿਚ ਗੰਨ ਹਿੰਸਾ ਦਾ ਸ਼ਿਕਾਰ ਹੋਣ ਵਾਲੀ ਇਹ ਸਭ ਤੋਂ ਛੋਟੀ ਉਮਰ ਦੀ ਬੱਚੀ ਹੈ। ਬੱਚੀ ਨੇ 4 ਦਿਨ ਬਾਅਦ 6 ਮਹੀਨੇ ਦੀ ਹੋ ਜਾਣਾ ਸੀ। ਸ਼ਿਕਾਗੋ ਪੁਲਿਸ ਅਨੁਸਾਰ ਇਕ 41 ਸਾਲਾ ਵਿਅਕਤੀ ਦੇ ਵੀ ਅੱਖ ਦੇ ਨੇੜੇ ਗੋਲੀ ਵੱਜੀ ਹੈ ਉਸ ਦਾ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ ਜਿਥੇ ਉਸ ਦੀ ਹਾਲਤ ਠੀਕ ਹੈ। ਇਹ ਵਿਅਕਤੀ ਇਕ ਹੋਰ ਕਾਰ ਵਿਚ ਸਵਾਰ ਸੀ। ਪੁਲਿਸ ਨੇ ਕਿਹਾ ਹੈ ਕਿ ਉਸ ਕੋਲ ਇਸ ਘਟਨਾ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਅਜੇ ਤੱਕ ਕੋਈ ਗ੍ਰਿਫਤਾਰੀ ਹੋਈ ਹੈ।






