ਖੰਨਾ, 23 ਜੂਨ (ਪਰਮਜੀਤ ਸਿੰਘ ਧੀਮਾਨ)- ਲੇਹ ਲਦਾਖ ਖੇਤਰ ਵਿਚ ਸਰਹੱਦ ਤੇ ਦੇਸ਼ ਦੀ ਰੱਖਿਆ ਕਰਦਾ ਨੇੜਲੇ ਪਿੰਡ ਸਲੌਦੀ ਸਿੰਘਾਂ ਦਾ ਫੌਜੀ ਨੌਜਵਾਨ ਸਵਰਨਜੀਤ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ, ਜਿਸ ਕਾਰਨ ਪਿੰਡ ਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਬੀਤੇ ਦਿਨ ਲੇਹ ਲਦਾਖ ਖੇਤਰ ਵਿਚ ਡਿਊਟੀ ਤੋਂ ਪਰਤ ਰਹੇ ਫੌਜੀ ਨੌਜਵਾਨਾਂ ਦੀ ਗੱਡੀ ਬਰਫ ਵਿਚ ਧੱਸਣ ਕਾਰਨ ਖੱਡ ਵਿਚ ਡਿੱਗ ਗਈ ਸੀ, ਜਿਸ ਵਿਚ ਤਿੰਨ ਨੌਜਵਾਨ ਸਵਾਰ ਸਨ। ਇਸ ਹਾਦਸੇ ’ਚ ਸਲੌਦੀ ਦਾ ਫੌਜੀ ਨੌਜਵਾਨ ਸਵਰਨਜੀਤ ਸਿੰਘ ਸ਼ਹੀਦ ਹੋ ਗਿਆ ਜਦੋਂ ਕਿ ਉਸਦੇ ਦੋਵੇਂ ਸਾਥੀ ਗੰਭੀਰ ਜਖਮੀ ਹੋਏ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਵਨਜੀਤ ਸਿੰਘ 2008 ਵਿਚ ਫੌਜ ਵਿਚ ਭਰਤੀ ਹੋਇਆ ਸੀ, ਵੱਖ ਵੱਖ ਥਾਵਾਂ ਤੇ ਡਿਊਟੀ ਕਰਨ ਉਪਰੰਤ ਇਸ ਸਮੇਂ ਲੇਹ ਵਿਚ ਤਾਇਨਾਤ ਸੀ। ਸ਼ਹੀਦ ਦੇ ਪਿਤਾ ਪਰਮਜੀਤ ਸਿੰਘ ਨੇ ਕਿਹਾ ਕਿ ਜਿੱਥੇ ਮੇਰੇ ਪੁੱਤ ਦਾ ਇਸ ਦੁਨੀਆ ਤੋਂ ਤੁਰ ਜਾਣ ਦਾ ਦੁੱਖ ਹੈ, ਉਥੇ ਹੀ ਸਾਨੂੰ ਉਸ ਦੀ ਸ਼ਹੀਦੀ ਤੇ ਮਾਣ ਵੀ ਹੈ। ਸ਼ਹੀਦ ਸਵਰਨਜੀਤ ਸਿੰਘ ਆਪਣੇ ਮਾਤਾ-ਪਿਤਾ, ਪਤਨੀ ਦੋ ਬੱਚੀਆਂ ਤੇ ਦੋ ਛੋਟੇ ਭਰਾ ਛੱਡ ਗਿਆ। ਸ਼ਹੀਦ ਸਵਰਨਜੀਤ ਸਿੰਘ ਦਾ ਅੱਜ ਪਿੰਡ ਸਲੌਦੀ ਵਿਖੇ ਸਰਕਾਰੀ ਸਨਾਮਨਾਂ ਨਾਲ ਅੰਤਮ ਸਸਕਾਰ ਕਰ ਦਿੱਤਾ ਗਿਆ।





