16.6 C
Chandigarh

TODAY NOW NEWS

Thursday, March 19, 2026
HomeBREAKING NEWS‘ਰਾਤੋ ਰਾਤ ਦੇਸ਼ ਬਦਲ ਜਾਣ ਵਾਲੇ ਪਿੰਡ’

‘ਰਾਤੋ ਰਾਤ ਦੇਸ਼ ਬਦਲ ਜਾਣ ਵਾਲੇ ਪਿੰਡ’

ਲੇਹ ਘੁੰਮਣ ਤੋਂ ਬਾਅਦ ‘ਖਾਰਦੁੰਗ ਦੱਰੇ’ ਦੀ ਉੱਚੀ ਚੜ੍ਹਾਈ ਚੜ੍ਹਦਿਆਂ ਅਤੇ ਆਕਸੀਜਨ ਦੀ ਘਾਟ ਨਾਲ ਦੋ ਚਾਰ ਹੁੰਦਿਆਂ ਅਸੀਂ ‘ਨੁਬਰਾ’ ਘਾਟੀ ਵਿੱਚ ਦਾਖਲ ਹੁੰਦੇ ਹਾਂ ਜੋ ਸਮੁੱਚੇ ਲੱਦਾਖ ਦਾ ਇੱਕ ਵੱਡਾ ਆਕਰਸ਼ਣ ਹੈ ।’ਨੁਬਰਾ’ ਅਸਲ ਵਿੱਚ ਲੱਦਾਖੀ ਸ਼ਬਦ ‘ਨੁਪ ਰਾ’ ਤੋਂ ਵਿਗੜ ਕੇ ਬਣਿਆ ਹੈ, ਜਿਸ ਦਾ ਅਰਥ ਹੈ ਪੱਛਮੀ ਪਾਸਾ । ਨੁਬਰਾ ਨੂੰ ਵੈਸੇ ‘ਡੁਮਰਾ’ ਵੀ ਕਿਹਾ ਜਾਂਦਾ ਹੈ ਜਿਸਦਾ ਬਾਲਤੀ ਵਿੱਚ ਅਰਥ ਵਿੱਚ ‘ਫੁੱਲਾਂ ਦੀ ਘਾਟੀ’ ਹੈ । ਨੁਬਰਾ ਘਾਟੀ ਲੇਹ ਜ਼ਿਲ੍ਹੇ ਦੀ ਤਹਿਸੀਲ ਹੈ, ਜਿਸਦਾ ਹੈਡਕੁਆਰਟਰ ‘ਡਿਸਕਿਟ’ ਹੈ ਜੋ ਲੇਹ ਤੋਂ ਤਕਰੀਬਨ 120 ਕਿੱਲੋਮੀਟਰ ਪੱਕੇ ਅਤੇ ਕੱਚੇ ਪਹਾੜਾਂ ਦੀ ਕਈ ਤਰਾਂ ਦੀ ਵੰਨਗੀ ਵਾਲੀ ਨੁਬਰਾ ਘਾਟੀ ਸੈਲਾਨੀਆਂ ਦਾ ਪਸੰਦੀਦਾ ਸਥਾਨ ਹੈ , ਕਈ ਥਾਵਾਂ ਤੇ ਭੁਰਦੇ ਪਹਾੜਾਂ ਨੇ ਰੇਤੇ ਦੇ ਅਜਿਹੇ ਟਿੱਬੇ ਬਣਾਏ ਹਨ ਜਿਨਾਂ ਕਰਕੇ ਇਸ ਨੂੰ ਠੰਢਾ ਰੇਗਿਸਤਾਨ ਕਿਹਾ ਜਾਂਦਾ ਹੈ ਅਤੇ ਇੱਥੇ ਹੀ ਵਿਲੱਖਣ ਦੋ ਕੁਹਾਂਠਾਂ ਵਾਲੇ ਊਠ ਪਾਏ ਜਾਂਦੇ ਹਨ ਜੋ ਇਨ੍ਹਾਂ ਲੋਕਾਂ ਦੀ ਜੀਵਿਕਾ ਦਾ ਸਾਧਨ ਹਨ ।
ਘਾਟੀ ਵਿੱਚ ਨੁਬਰਾ ਨਾਂ ਦੀ ਨਦੀ ਵਹਿੰਦੀ ਹੈ ਜੋ ਸਿਆਚਿਨ ਗਲੇਸ਼ੀਅਰ ਦੀ 5753 ਮੀਟਰ ਦੀ ਉਚਾਈ ਤੋਂ ਨਿੱਕਲ ਕੇ ਤਕਰੀਬਨ 80 ਕਿੱਲੋਮੀਰ ਦਾ ਸਫ਼ਰ ਤੈਅ ਕਰਦੀ ਹੋਈ ‘ਡਿਸਕਿਟ’ ਦੇ ਨੇੜੇ ‘ਸ਼ਿਓਕ’ ਨਦੀ ਵਿੱਚ ਵਿਲੀਨ ਹੋ ਜਾਂਦੀ ਹੈ ।ਪੱਥਰਾਂ ਵਿੱਚੋਂ ਵਹਾਅ ਕੇ ਲਿਆਂਦੇ ਰੇਤੇ ਨਾਲ ਛੋਟੇ ਛੋਟੇ ਟਿੱਬੇ ਬਣਾ ਕੇ ਸੁੰਦਰ ਦ੍ਰਿਸ਼ ਬਣਾਉਂਦੀ ਹੈ । ਇਨ੍ਹਾਂ ਦ੍ਰਿਸ਼ਾਂ ਦੀ ਸੁੰਦਰਤਾ ਅਤੇ ਨਿਵੇਕਲੇ ਪਹਾੜੀ ਸਥਾਨ ਦੀ ਖਿੱਚ ਵੱਸ ਹੀ ਅਸੀਂ ਇਸ ਪਾਸੇ ਵੱਲ ਆਏ ਤੇ ਇਸ ਸਾਲ ਇੱਕ ਲਾਟਰੀ ਸੈਲਾਨੀਆਂ ਦੀ ਇਹ ਨਿੱਕਲ ਆਈ ਕਿ ਦੋ ਸਾਲ ਪਹਿਲਾਂ ਭਾਰਤ ਸਰਕਾਰ ਨੇ ਇੱਕ ਅਜਿਹੇ ਪਿੰਡ ‘ਥਾਂਗ’ ਵਿੱਚ ਜਾਣ ਦੀ ਆਗਿਆ ਦਿੱਤੀ ਹੈ ਜਿਸ ਤੇ ਭਾਰਤੀ ਫੌਜ ਨੇ 14 ਦਸੰਬਰ 1971 ਨੂੰ ਹੋਈ ਇੱਕ ਸੰਖੇਪ ਜਿਹੀ ਲੜਾਈ ਦੌਰਾਨ ਭਾਰਤੀ ਫੌਜ ਨੇ ਕਬਜਾ ਕਰ ਲਿਆ ਸੀ । ਹੈਰਾਨੀ ਦੀ ਗੱਲ ਹੈ ਕਿ ਇਸ ਨਾਲ ਤੁਰਤੁਕ ਅਤੇ ਥਾਂਗ ਨਾਂ ਦੇ ਪਿੰਡ ਸਮੇਤ ਤਕਰੀਬਨ 800 ਵਰਗ ਕਿ.ਮੀ. ਦਾ ਇਲਾਕੇ ਦੇ ਲੋਕਾਂ ਦੀ ਨਾਗਰਿਕਤਾ ਰਾਤੋ ਰਾਤ ਹੀ ਪਾਕਿਸਤਾਨੀ ਤੋਂ ਭਾਰਤੀ ਹੋ ਗਈ ਸੀ । ਇਨ੍ਹਾਂ ਪਿੰਡਾਂ ਦੀ ਤਕਰੀਬਨ ਸਮੁੱਚੀ ਵਸੋਂ ਬਾਲਤੀ ਮੁਸਲਮਾਨਾਂ ਦੀ ਹੈ । ਜਿਨ੍ਹਾਂ ਦਾ ਜੀਵਨ ਪੱਧਰ ਉੱਚਾ ਕਰਨ ਲਈ ਭਾਰਤੀ ਫੌਜ ਅਤੇ ਸਰਕਾਰ ਕਾਫ਼ੀ ਯਤਨ ਕਰ ਰਹੀ ਹੈ । ਇਸ ਪਿੰਡ ਵਿੱਚ ਬਹੁਤ ਵਧੀਆ ਕੁਆਲਿਟੀ ਦੀ ਖੁਰਮਾਨੀ ਪੈਦਾ ਹੁੰਦੀ ਹੈ, ਜਿਸ ਨੂੰ ਸੁਕਾ ਕੇ ਹੀ ਵੇਚਿਆ ਜਾਂਦਾ ਹੈ । ਕਾਲੇ ਸ਼ਹਿਤੂਤ ਜਿਸਨੂੰ ਅੰਗਰੇਜ਼ੀ ਵਿੱਚ ਮੁਲਬੈਰੀ ਕਿਹਾ ਜਾਂਦਾ ਹੈ ਵੀ ਪੈਦਾ ਹੁੰਦਾ ਹੈ ਇਹ ਵੀ ਜਿਆਦਾਤਰ ਸੁਕਾ ਕੇ ਹੀ ਵਿਕਦਾ ਹੈ । ਖੁਰਮਾਨੀ ਦੇ ਗਿੱਟਕ ਵਿੱਚੋਂ ਜੋ ਗਿਰੀ ਨਿੱਕਲਦੀ ਹੈ ਉਸਦਾ ਸੁਆਦ ਬਦਾਮ ਵਰਗਾ ਹੁੰਦਾ ਹੈ ਤੇ ਉਸਦਾ ਵੀ ਤੇਲ ਕੱਢ ਕੇ ਵੇਚਿਆ ਜਾਂਦਾ ਹੈ । ਜਿਸ ਨਾਲ ਇਨ੍ਹਾਂ ਲੋਕਾਂ ਦੀ ਆਮਦਨ ਨੂੰ ਹੁਲਾਰਾ ਮਿਲਦਾ ਹੈ ।ਵੈਸੇ ਹੁਣ ਸੈਲਾਨੀਆਂ ਦੀ ਆਮਦ ਨੂੰ ਵੇਖ ਕੇ ਇਨ੍ਹਾਂ ਪਿੰਡਾਂ ਵਿੱਚ ਹੋਮ ਸਟੇਅ ਅਤੇ ਹੋਟਲ ਵਗੈਰਾ ਵੀ ਬਣ ਰਹੇ ਹਨ ।
ਸਵੇਰ ਤੋਂ ਤੁਰਤੁਕ ਪਿੰਡ ਵਿੱਚ ਸਾਂ ਜਿੱਥੋਂ ਪਾਕਿਸਤਾਨ ਦੀਆਂ ਪਹਾੜੀਆਂ ਦਿਖਾਈ ਦਿੰਦੀਆਂ ਹਨ ਅਤੇ ਇਥੋਂ ਹੀ ‘ਸ਼ਿਉਕ’ ਨਦੀ ਪਾਕਿਸਤਾਨ ਵਿੱਚ ਦਾਖਲ ਹੁੰਦੀ ਹੈ । ‘ਤੁਰਤੁਕ’ ਨੂੰ ਆਮ ਸੈਲਾਨੀਆਂ ਲਈ ਸਾਲ 2016 ਵਿੱਚ ਖੋਲ੍ਹ ਦਿੱਤਾ ਗਿਆ ਸੀ ਜਦਕਿ ਆਮ ਲੋਕਾਂ ਲਈ‘ਥਾਂਗ’ ਜਾਣ ਦੀ ਆਗਿਆ ਸਰਕਾਰ ਨੇ 2019 ਵਿੱਚ ਦੇ ਦਿੱਤੀ ਸੀ । ਪਿਛਲੇ ਦੋ ਵਰ੍ਹੇ ਤਾਲਾ ਬੰਦੀ ਕਰਕੇ ਸੈਲਾਨੀਆਂ ਦੀ ਆਮਦ ਨਾ ਮਾਤਰ ਰਹੀ ਪਰ ਇਸ ਸਾਲ ਤਾਂ ਲੋਕਾਂ ਵਿੱਚ ਇਸ ਪਿੰਡ ਨੂੰ ਵੇਖਣ ਦੀ ਬਹੁਤ ਚੱਸ ਹੈ ।ਇੱਕ ਸਾਫ਼ ਸੁਥਰੇ ਪਾਣੀ ਦੇ ਨਾਲੇ ਨੇੜੇ ਬਣੇ ਰੇਸਤਰਾਂ ਤੇ ਖਾਣਾ ਖਾਣ ਬੈਠੇ ਤਾਂ ਜਗਿਆਸਾ ਵੱਸ ਉਸਦੇ ਮਾਲਕ ‘ਬਸ਼ੀਰ ਅਹਿਮਦ’ ਨਾਲ ਯੱਕੜ ਮਾਰਨ ਡਹਿ ਪਏ । ਉਸਨੇ ਦੱਸਿਆ ਕਿ ਜਦੋਂ ਭਾਰਤੀ ਫੌਜ ਨੇ ਕਬਜਾ ਕੀਤਾ ਤਾਂ ਉਸਦਾ ਬਾਪ ਚਾਰ ਸਾਢੇ ਚਾਰ ਸਾਲ ਦਾ ਸੀ । ਉਸਦੀ ਭੂਆ ਨਾਲ ਦੇ ਪਿੰਡ ਵਿਆਹੀ ਹੋਈ ਸੀ ਤੇ ਜਦੋਂ ਰਾਤ ਬੀਤੀ ਤਾਂ ਐਲਾਨ ਹੋ ਗਿਆ ਕਿ ਹੁਣ ਇੱਥੇ ਭਾਰਤੀ ਰਾਜ ਹੈ । ਇਸ ਸਮੇਂ ਉਸਦੀ ਭੂਆ ਤੇ ਫੁੱਫੜ ਕਰਾਚੀ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਮਿਲਣ ਲਈ ਕਈ ਕਿਸਮ ਦੀਆਂ ਪੜਤਾਲਾਂ ਹੋਣ ਤੋਂ ਬਾਅਦ ਪਾਕਿਸਤਾਨੀ ਅੰਬੈਸੀ ਤੋਂ ਵੀਜ਼ਾ ਲੈ ਕੇ ਜਾਣਾ ਪੈਂਦਾ ਹੈ । ਪਿੰਡ ਦੀ ਅਬਾਦੀ ਕੋਈ ਬਾਰਾਂ ਕੁ ਸੌ ਦੇ ਕਰੀਬ ਹੈ ਤੇ ਬਹੁਤੇ ਲੋਕ ਅਜਿਹੇ ਹਨ ਜੋ ਪੰਜਾਹ ਸਾਲਾਂ ਵਿੱਚ ਇੱਕ ਵਾਰ ਵੀ ਆਪਣੇ ਸਕੇ ਭੈਣ ਭਰਾਵਾਂ ਨੂੰ ਮਿਲ ਨਹੀਂ ਸਕੇ ਹਨ । ਉਨ੍ਹਾਂ ਦੇ ਬੱਚਿਆਂ ਲਈ ਫੌਜ ਵੱਲੋਂ ਸਕੂਲ ਖੋਲ੍ਹੇ ਗਏ ਹਨ ਅਤੇ ਹੋਰ ਤਕਨੀਕੀ ਕੋਰਸਾਂ ਲਈ ਬਹੁਤ ਮੱਦਦ ਕੀਤੀ ਜਾਂਦੀ ਹੈ ।
ਖੈਰ ਉਸਦੇ ਉੱਚ ਕੁਆਲਿਟੀ ਦੇ ਭੋਜਨ ਦਾ ਆਨੰਦ ਮਾਣ ਕੇ ਅਸੀਂ ਹੁੰਦਰ ਲਈ ਰਵਾਨਾ ਹੋਏ ਜਿੱਥੇ ਰੇਤੇ ਦੇ ਛੋਟੇ ਟਿੱਬਿਆਂ ਤੇ ਦੋ ਕੁਹਾਂਠਾਂ ਵਾਲੇ ਉਠਾਂ ਤੇ ਬੱਚਿਆਂ ਨੂੰ ਸਵਾਰੀ ਕਰਵਾਈ । ਸ਼ਿਓਕ ਨਦੀ ਦੇ ਪਾਣੀ ਨਾਲ ਮੌਲੀ ਵਨਸਪਤੀ ਦਾ ਆਨੰਦ ਮਾਣਦੇ ਅਤੇ ਆਲੇ ਦੁਆਲੇ ਦੇ ਮਨੁੱਖੀ ਛੇੜ ਛਾੜ ਤੋਂ ਰਹਿਤ ਆਲੇ ਦੁਆਲੇ ਨੂੰ ਨਿਹਾਰਦੇ ਹੋਏ ਵਾਪਸ ਆਪਣੇ ਹੋਮ ਸਟੇ ਵਿੱਚ ਆ ਗਏ ।
ਨੋਟ. ਫੋਟੋ ਵਿੱਚ ਪਿੱਛੇ ਦਿਖਾਈ ਦੇ ਰਹੀ ਬਰਫ਼ ਵਾਲੀ ਤੇ ਕਾਲੀ ਜਿਹੀ ਪਹਾੜੀ ਪਾਕਿਸਤਾਨ ਵਿੱਚ ਹੈ।

Today Now News

RELATED ARTICLES
- Advertisment -

POPULAR POSTS