ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਵੇਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਆਗਾਜ਼ ਆਪਣੇ ਕੈਬਨਿਟ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਚ ਸਲਾਖਾਂ ਪਿੱਛੇ ਦੇਣ ਤੇ ਨਾਲ ਸ਼ੁਰੂ ਕੀਤਾ। ਪਰ ਕੁਝ ਵਿਭਾਗਾਂ ਵਿਚ ਅਜੇ ਵੀ ਅੰਦਰਖਾਤੇ ਰਿਸ਼ਵਤਖੋਰੀ ਦੀ ਖੇਡ ਚੱਲ ਰਹੀ ਹੈ । ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਖ਼ਜ਼ਾਨਾ ਵਿਭਾਗ ਵਿੱਚ ਵੀ ਇੱਕ ਕਰੱਪਸ਼ਨ ਦਾ ਮਾਮਲਾ ਰੋਸ਼ਨੀ ਚ ਆਇਆ ਹੈ । ਖ਼ਬਰ ਵਾਲੇ ਡਾਟ ਕਾਮ ਨੂੰ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਦੇ ਹੈੱਡਕੁਆਰਟਰ ਤੋਂ ਪੰਜਾਬ ਭਰ ਦੇ ਖਜ਼ਾਨਾ ਦਫਤਰਾਂ ਦੇ ਮੁਲਾਜ਼ਮਾਂ ਦੇ ਤਬਾਦਲੇ ਰਿਸ਼ਵਤ ਲੈ ਕੇ ਹੀ ਹੁੰਦੇ ਸੀ । ਇਹ ਵੀ ਪਤਾ ਲੱਗਾ ਹੈ ਕਿ ਤਬਾਦਲਾ ਕਰਵਾਉਣ ਵਾਲੇ ਮੁਲਾਜ਼ਮ ਜਾਂ ਚੰਗੀਆਂ ਸੀਟਾਂ ਤੇ ਲੱਗਣ ਦੇ ਚਾਹਵਾਨ ਪਠਾਨਕੋਟ ਜ਼ਿਲ੍ਹੇ ਦੇ ਇੱਕ ਐਕਟਿੰਗ ਟਰੇਜ਼ਰੀ ਅਫਸਰ ਤਕ ਪਹੁੰਚ ਕਰਕੇ ਤਬਾਦਲੇ ਦੀ ਸੌਦੇਬਾਜ਼ੀ ਕਰਦੇ ਸਨ ,ਇਸ ਤੋਂ ਬਾਅਦ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਕਲਰਕ ਨੂੰ ਸਿਫ਼ਾਰਸ਼ ਕਰਦਾ ਸੀ ਤੇ ਉਹ ਫਿਰ ਅੱਗੇ ਪੰਜਾਬ ਦੇ ਮੁੱਖ ਖਜ਼ਾਨਾ ਦਫ਼ਤਰ ਚੰਡੀਗੜ੍ਹ ਵਿਖੇ ਇਕ ਸੁਪਰਡੈਂਟ ਪੱਧਰ ਦੇ ਅਧਿਕਾਰੀ ਤਕ ਤਬਾਦਲਾ ਕਰਵਾਉਣ ਵਾਲੇ ਮੁਲਾਜ਼ਮਾਂ ਦਾ ਨਾਮ ਭੇਜਦਾ ਸੀ । ਖ਼ਬਰ ਵਾਲੇ ਡੌਟ ਕੌਮ ਨੂੰ ਇਹ ਵੀ ਪਤਾ ਲੱਗਾ ਹੈ ਕਿ ਤਬਾਦਲਾ ਕਰਵਾਉਣ ਬਦਲੇ ਮੋਟੀ ਰਕਮ ਲਈ ਜਾਂਦੀ ਸੀ ,ਜੋ ਕਿ ਆਮ ਤੌਰ ਤੇ ਗੂਗਲ ਪੇ ਵਿੱਚ ਹੀ ਇਨ੍ਹਾਂ ਵੱਲੋਂ ਸਵੀਕਾਰ ਕੀਤੀ ਜਾਂਦੀ ਸੀ । ਸੂਤਰ ਦੱਸਦੇ ਹਨ ਕਿ ਇਸ ਤਰ੍ਹਾਂ ਦਾ ਖੇਡ ਪਿਛਲੇ ਪੰਜ ਸਾਲਾਂ ਤੋਂ ਚੱਲਦਾ ਆ ਰਿਹਾ ਹੈ । ਜਿਉਂ ਹੀ ਇਸਦੀ ਸ਼ਿਕਾਇਤ ਭ੍ਰਿਸ਼ਟਾਚਾਰ ਰੋਕੂ ਹੈਲਪਲਾਈਨ ਤੇ ਹੋਈ ਤਾਂ ਖ਼ਜ਼ਾਨਾ ਵਿਭਾਗ ਦੇ ਸਕੱਤਰ ਵੱਲੋਂ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਗਿਆ , ਜਿਸ ਵਿੱਚ ਗੁਰਦਾਸਪੁਰ ਖਜ਼ਾਨਾ ਦਫ਼ਤਰ ਦੇ ਕਲਰਕ ਰਜਨੀਸ਼ ਕੁਮਾਰ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਗਏ ਹਨ । ਇਹ ਵੀ ਪਤਾ ਲੱਗਾ ਹੈ ਕਿ ਗੂਗਲ ਪੇ ਰਾਹੀਂ ਰਿਸ਼ਵਤ ਲੈਣ ਦੇ ਤਾਰ ਖ਼ਜ਼ਾਨਾ ਦਫਤਰ ਦੇ ਸੁਪਰਡੈਂਟ ਨਾਲ ਜੁੜੇ ਹੋਣ ਕਾਰਨ ਉਸ ਵਿਰੁੱਧ ਵੀ ਕਾਰਵਾਈ ਹੋਈ ਹੈ ਪਰ ਵਿਭਾਗ ਦੇ ਕੁਝ ਅਧਿਕਾਰੀ ਹੈੱਡਕੁਆਰਟਰ ਦੇ ਸੁਪਰਡੈਂਟ ਨੂੰ ਬਚਾਉਣ ਲਈ ਲੱਗੇ ਹੋਏ ਹਨ ,ਹੋ ਸਕਦੈ ਕਿ ਸੁਪਰਡੈਂਟ ਦ ਰਿਸ਼ਵਤ ਕੁਨੈਕਸ਼ਨ ਕਿਤੇ ਉਨ੍ਹਾਂ ਅਧਿਕਾਰੀਆਂ ਨਾਲ ਨਾ ਹੋਵੇ ਜਿਨ੍ਹਾਂ ਨੂੰ ਚਿੰਤਾ ਹੈ । ਜਦੋਂ ਇਸ ਸੰਬੰਧੀ ਖਜ਼ਾਨਾ ਵਿਭਾਗ ਦੇ ਵੱਡੇ ਅਧਿਕਾਰੀਆਂ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ । ਹੁਣ ਇਹ ਦੇਖਣਾ ਹੋਵੇਗਾ ਕਿ ਗੂਗਲ ਪੇਅ ਦਾ ਮਾਮਲਾ ਰੌਸ਼ਨੀ ਚ ਆਉਣ ਤੋਂ ਬਾਅਦ ਖ਼ਜ਼ਾਨਾ ਵਿਭਾਗ ਕਾਰਵਾਈ ਕਰੇਗਾ ਜਾਂ ਫਿਰ ਵਿਜੀਲੈਂਸ ਵਿਭਾਗ ਦਖਲ ਦੇਵੇਗਾ ?





