16.6 C
Chandigarh

TODAY NOW NEWS

Thursday, March 19, 2026
HomeBREAKING NEWSਆਹਰਬਲ ਦੀ ਗੋਦ ਵਿੱਚ

ਆਹਰਬਲ ਦੀ ਗੋਦ ਵਿੱਚ

ਆਹਰਬਲ ਦੀ ਗੋਦ ਵਿੱਚ …….

 ਇਸ ਸਾਲ ਦੀਆਂ ਛੁੱਟੀਆਂ ਵਿੱਚ ਲੱਦਾਖ ਘੁੰਮਣ ਦਾ ਇਰਾਦਾ ਸੀ ਅਤੇ ਇਸਦੇ ਪਹਿਲੇ ਪੜਾਅ ਵਜੋਂ ਕਸ਼ਮੀਰ ਦੇ ਕਿਸ ਹਿੱਸੇ ਵਿੱਚ ਰਿਹਾ ਜਾਵੇ ਇਸ ਬਾਰੇ ਮਨ ਦੁਬਿਧਾ ਵਿੱਚ ਸੀ ਕਿਉਂਕਿ ਜੇ ਪੰਜਾਬ ‘ਚੋਂ ਸਵੇਰੇ ਖਿੱਚ ਕੇ ਤੁਰੀਏ ਤਾਂ ਕਸ਼ਮੀਰ ਵਾਦੀ ਵਿੱਚ ਦਾਖਲ ਹੁੰਦਿਆਂ ਨੂੰ ਸ਼ਾਮ ਤਕਰੀਬਨ ਹੋ ਹੀ ਜਾਂਦੀ ਹੈ । ਪਹਿਲੇ ਸਫਰਾਂ ਦੌਰਾਨ ਬਹੁਤ ਹਿੱਸੇ ਦੇਖੇ ਹੋਏ ਸਨ ਅਤੇ ਇਸ ਵਾਰ ਵੀ ਪਹਿਲੇ ਦਿਨ ਦਾ ਪੜਾਅ ਕਿਸੇ ਨਿਵੇਕਲੇ ਜਿਹੇ ਇਲਾਕੇ ਵਿੱਚ ਕਰਨ ਦਾ ਮਨ ਸੀ ਜਿੱਥੇ ਟੂਰਿਸਟਾਂ ਦੀ ਭੀੜ ਨਾ ਹੋਵੇ ਪਰ ਦੋ ਸਾਲਾਂ ਦੀ ਤਾਲਾਬੰਦੀ ਤੋਂ ਬਾਅਦ ਇਸ ਸਾਲ ਤਾਂ ਉੱਤਰੀ ਭਾਰਤ ਦੇ ਟੂਰਿਸਟ ‘ਕਸ਼ਮੀਰ’ ਵਾਦੀ ਵਿੱਚ ਆਹਣ ਵਾਂਗ ਉੱਤਰੇ ਹੋਏ ਹਨ ।

ਜੰਮੂ ਤੋਂ ਸ੍ਰੀਨਗਰ ਤੱਕ ਚਲਦੇ ਸ਼ਾਹ ਰਾਹ ਤੇ ਸਵੇਰ ਤੋਂ ਟਰੈਫਿਕ ਭੀੜ ਭੜੱਕੇ ਨੂੰ ਸਾਬਤ ਕਰ ਰਿਹਾ । ਇਹ ਸਮੱਸਿਆ ਮਿੱਤਰ ‘ਸ਼ੌਕਤ’ ਨਾਲ ਸਾਂਝੀ ਕੀਤੀ ਕਹਿੰਦਾ ‘ਬਰਦਰ ਫਿਕਰ ਨਹੀਂ ਕਰਨਾ, ਬਸ ਆਪ ਆ ਜਾਓ’ ਤੇ ਅਸੀਂ ਜਾ ‘ਆਹਹਬਲ’ ਝੰਡਾ ਗੱਡਿਆ ਵਈ ਨਿੱਕਲ ਬਾਹਰ ਅਸੀਂ ਤਾਂ ਆ ਗਏ । ਇੱਥੇ ਪਹੁੰਚਦਿਆਂ ਨੂੰ ਤਕਰੀਬਨ ਸ਼ਾਮ ਹੀ ਹੋ ਚੱਲੀ ਸੀ, ਜੰਮੂ ਕਸ਼ਮੀਰ ਟੂਰਿਜ਼ਮ ਡਿਵੈਲਪਮੈਂਟ ਬੋਰਡ ਦੀਆਂ ਹੱਟਾਂ ਵਿੱਚੋਂ ਇੱਕ ਹੱਟ ਦੀ ਬੁਕਿੰਗ ਕਰਵਾਈ ਹੋਈ ਸੀ । ਥੋੜ੍ਹਾ ਬਹੁਤ ਆਲੇ ਦੁਆਲੇ ਦੇ ਦ੍ਰਿਸ਼ ਵੇਖ ਕੇ ਜਾਣਕਾਰੀ ਲੈਂਦੇ ਕਰਦੇ ਅਸੀਂ ਕਮਰੇ ਵਿੱਚ ਵੜ ਗਏ ਕਿਉਂਕਿ ਸਾਰੇ ਦਿਨ ਦੇ ਸਫ਼ਰ ਦੇ ਭੰਨੇ ਹੋਏ  ਸਾਂ ।

               ‘ਕਸ਼ਮੀਰ’ ਭਾਰਤ ਦਾ ਇੱਕ ਅਜਿਹਾ ਖਿੱਤਾ ਹੈ ਜਿਸਨੂੰ ਕੁਦਰਤ ਨੇ ਰੱਜਵਾਂ ਸੁਹੱਪਣ ਤਾਂ ਬਖਸ਼ਿਆ ਹੀ ਹੈ ਤੇ ਇੱਥੋਂ ਦੇ ਬਸ਼ਿੰਦਿਆਂ ਨੂੰ ਵੀ ਅਥਾਹ ਖ਼ੂਬਸੂਰਤੀ ਅਤੇ ਖ਼ੂਬਸੀਰਤੀ ਦਿੱਤੀ ਹੈ । ਸੋਹਣੇ ਝਰਨਿਆਂ ਅਤੇ ਲੈਂਡ ਸਕੇਪਾਂ ਕਰਕੇ ਹੀ ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ । ਅਸੀਂ ਕਸ਼ਮੀਰ ਦੀ ਖ਼ੂਬਸੂਰਤੀ ਨੂੰ ਬਹੁਤ ਮਾਣਿਆ ਹੈ ਖਾਸ ਕਰਕੇ ਉਸ ਪਾਸੇ ਵੀ ਜਿਸ ਪਾਸੇ ਬਹੁਤ ਘੱਟ ਲੋਕ ਜਾਂਦੇ ਹਨ । ਆਹਰਬਲ’ ਜੋ ਇੱਥੋਂ ਦਾ ਬਹੁਤ ਸ਼ਾਂਤ ਜਿਹਾ ਇਲਾਕਾ ਹੈ ।ਕਸ਼ਮੀਰ ਦੇ ਦੱਖਣ ਪੱਛਮ ਹਿੱਸੇ ਦੇ ਕੁਲਗਾਮ ਜ਼ਿਲ੍ਹੇ ਦਾ ਅਹਿਮ ਹਿੱਸਾ ਆਹਰਬਲ ਚੀਲ੍ਹ ਅਤੇ ਦੇਵਦਾਰ ਦੇ ਦਰੱਖਤਾਂ ਨਾਲ ਵਰੋਸਾਇਆ ਹੈ ਅਤੇ ਮੱਛੀਆਂ ਫੜ੍ਹਨ ਅਤੇ ਟਰੈਕਿੰਗ ਲਈ ਇਸਦੇ ਜਾਣਕਾਰ ਟੂਰਿਸਟ ਏਥੇ ਆਉਂਦੇ ਹਨ ।

                 ਸੁਭਾ ਉੱਠ ਕੇ ‘ਪ੍ਰਸਿੱਧ’ ਝਰਨਾ ਦੇਖਣ ਗਏ,ਜਿਸ ਨੂੰ ਕਸ਼ਮੀਰ ਦੇ ਮਿਨੀ ਨਿਆਗਰਾ ਫਾਲ਼ ਵਜੋਂ ਜਾਣਿਆ ਜਾਂਦਾ ਹੈ । ਸਮੁੰਦਰ ਤੋਂ 2266 ਮੀਟਰ ਦੀ ਉਚਾਈ ਤੇ ਸਥਿਤ ਇਹ ਝਰਨਾ ਅਸਲ ਵਿੱਚ ਉੱਚੇ ਪਰਬਤ ਵਿੱਚੋਂ ਨਿੱਕਲਦੇ ਕੋਂਕਰਨਾਗ ਝਰਨੇ ਵਿੱਚੋਂ ਤੁਰਦੀ ‘ਵਿਸ਼ੂ’ ਨਦੀ ਦਾ ਹੀ ਹਿੱਸਾ ਹੈ ।ਉੱਚੇ ਪੱਥਰਾਂ ਵਿੱਚੋਂ ਆਉਂਦਾ ਸਾਫ਼ ਸ਼ਫ਼ਾਫ ਪਾਣੀ ਮਨਮੋਹਕ ਦ੍ਰਿਸ਼ ਬਣਾਉਂਦਾ ਹੈ । ਇਸ ਸਾਫ਼ ਸੁਥਰੀ ਜਗ੍ਹਾ ਨੂੰ ਜੰਮੂ ਕਸ਼ਮੀਰ ਸੈਰ ਸਪਾਟਾ ਵਿਕਾਸ ਬੋਰਡ ਨੇ ਸੋਹਣੇ ਤਰੀਕੇ ਨਾਲ ਵਿਕਸਿਤ ਕੀਤਾ ਹੈ । ਅਨਗਿਣਤ ਹੱਟਾਂ ਬਣਾਈਆਂ ਹਨ ਜੋ ਵਾਜਬ ਕਿਰਾਏ ਤੇ ਸੈਲਾਨੀਆਂ ਲਈ ਉਪਲੱਭਧ ਹਨ ।ਏਥੇ ਆਉਣ ਵਾਲੇ ਸੈਲਾਨੀਆਂ ਵਿੱਚ ਜਿਆਦਾਤਰ ਕਸ਼ਮੀਰੀ ਹੁੰਦੇ ਹਨ ਅਤੇ ਥੋੜ੍ਹੇ ਬਹੁਤ ਬਾਕੀ ।ਕਿਉਂਕਿ ਜਿਆਦਾਤਰ ਲੋਕ ਸ੍ਰੀਨਗਰ ਦੇ ਨੇੜੇ ਤੇੜੇ ਘੁੰਮਣਾ ਹੀ ਪਸੰਦ ਕਰਦੇ ਹਨ । ਪਰ ਸੇਬਾਂ,ਅਖਰੋਟਾਂ ਅਤੇ ਬਦਾਮਾਂ ਦੇ ਬਾਗਾਂ ਵਿੱਚੋਂ ਲੰਘਦੀਆਂ ਸੜਕਾਂ ਇਸ ਸਫਰ ਨੂੰ ਮਜ਼ੇਦਾਰ ਬਣਾਉਂਦੀਆਂ ਹਨ ।ਲੋਕਾਂ ਦਾ ਮੁੱਖ ਕਿੱਤਾ ਬਾਗਬਾਨੀ ਹੈ ਅਤੇ ਇੱਕ ਵਿਸ਼ੇਸ਼ ਗੱਲ ਇਹ ਹੈ ਕਿ ਇਸਦੇ ਅਤੇ ਇੱਥੋਂ ਨੇੜਲੇ ‘ਸ਼ੋਪੀਆਂ’ ਇਲਾਕੇ ਵਿੱਚ ਪੈਦਾ ਹੁੰਦੇ ਸੇਬਾਂ ਦੀ ਕੁਆਲਿਟੀ ‘ਕਸ਼ਮੀਰ’ ਦੇ ਸਭ ਤੋਂ ਸਿਰੇ ਦੇ ਸੇਬਾਂ ਵਿੱਚ ਸ਼ੁਮਾਰ ਹਨ ।

            ਇੱਥੇ ਸੋਹਣਾ ਪਾਰਕ ਬਣਿਆ ਹੋਇਆ ਹੈ ਕੁਝ ਇੱਕ ਖਾਣ ਪੀਣ ਲਈ ਢਾਬੇ ਵਗੈਰਾ ਹਨ ਜਿੱਥੇ ਕਸ਼ਮੀਰੀ ਅਤੇ ਹੋਰ ਚਾਊਮਿਨ ਵਗੈਰਾ ਮਿਲਦੇ ਹਨ ।ਇਸਦੀ ਅਥਾਹ ਸੁੰਦਰਤਾ ਦੀਆਂ ਝਲਕਾਂ ਨੂੰ ਮਨ ਵਿੱਚ ਵਸਾ ਕੇ ਅਸੀਂ ਸ਼ੌਕਤ ਤੋਂ ਵਿਦਾ ਲਈ ਅਤੇ ਅਗਲੇ ਪੜਾਅ ਨੂੰ ਰਵਾਨਾ ਹੋ ਗਏ ।

ਭੁਪਿੰਦਰ ਸਿੰਘ ਬਰਗਾੜੀ

Today Now News

RELATED ARTICLES
- Advertisment -

POPULAR POSTS