ਸੈਕਰਾਮੈਂਟੋ 13 ਜੂਨ (ਹੁਸਨ ਲੜੋਆ ਬੰਗਾ)-ਯੂ.ਐਸ ਮੈਰਾਈਨ ਕਾਰਪਸ ਨੇ ਕਿਹਾ ਹੈ ਕਿ ਬੀਤੇ ਦਿਨ ਸਿਖਲਾਈ ਦੌਰਾਨ ਫੌਜ ਦੇ ਤਬਾਹ ਹੋਏ ਜਹਾਜ਼ ਵਿਚ ਸਵਾਰ ਮਾਰੇ ਗਏ ਸਾਰੇ 5 ਜਵਾਨਾਂ ਦੀ ਪਛਾਣ ਹੋ ਗਈ ਹੈ। ਇਨਾਂ ਵਿਚ ਸਾਬਕਾ ਮੇਜਰ ਇਨਫੀਲਡਰ ਸਟੀਵ ਸੈਕਸ ਦਾ ਪੁੱਤਰ ਵੀ ਸ਼ਾਮਿਲ ਹੈ। ਕੈਪਟਨ ਜੌਹਨ ਜੇ ਸੈਕਸ (33) ਐਮ ਵੀ-22 ਓਸਪਰੇਅ ਜਹਾਜ਼ ਦਾ ਕੈਪਟਨ ਸੀ ਜੋ ਜਹਾਜ਼ ਗਲਾਮਿਸ (ਕੈਲੀਫੋਰਨੀਆ) ਨੇੜੇ ਤਬਾਹ ਹੋ ਗਿਆ ਸੀ। ਸਟੀਵ ਸੈਕਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ”ਇਹ ਬਹੁਤ ਦੁੱਖਦਾਈ ਹੈ ਕਿ ਮੇਰਾ ਹੀਰਾ ਪੁੱਤਰ ਜੌਹਨੀ ਉਨਾਂ 5 ਜਵਾਨਾਂ ਵਿਚ ਸ਼ਾਮਿਲ ਸੀ ਜੋ ਫੌਜ ਦੇ ਓਸਪਰੇਅ ਜਹਾਜ਼ ਨੂੰ ਸੈਨ ਡਇਏਗੋ ਨੇੜੇ ਪੇਸ਼ ਆਏ ਹਾਦਸੇ ਵਿਚ ਮਾਰੇ ਗਏ ਸਨ। ਉਹ ਮੇਰਾ ਹੀਰੋ ਸੀ। ਉਸ ਦਾ ਆਪਣੇ ਪਰਿਵਾਰ ਤੇ ਫੌਜ ਨਾਲ ਪਿਆਰ ਤੇ ਜਹਾਜ਼ ਨੂੰ ਉਡਾਉਣ ਤੇ ਆਪਣੇ ਦੇਸ਼ ਦੀ ਰਖਿਆ ਕਰਨ ਪ੍ਰਤੀ ਸੰਕਲਪ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ।” ਮਾਰੇ ਗਏ ਬਾਕੀ ਅਮਲੇ ਦੇ ਮੈਂਬਰਾਂ ਵਿਚ ਵਿਨੇਬਾਗੋ,ਇਲੀਨੋਇਸ ਵਾਸੀ ਪਾਇਲਟ ਨਾਥਨ ਈ ਕਾਰਲਸਨ (21), ਕੈਪਟਨ ਨਿਕੋਲਸ ਪੀ ਲੋਸਾਪੀਓ (31) ਜੋ ਰੌਕਿੰਘਮ, ਨਿਊ ਹੈਮਸ਼ਾਇਰ ਦਾ ਰਹਿਣਾ ਵਾਲਾ ਸੀ, ਪਾਇਲਟ ਸੇਠ ਡੀ ਰਸਮੂਸਨ (21) ਵਾਸੀ ਜੌਹਨਸਨ, ਵਾਇਓਮਿੰਗ ਤੇ ਪਾਇਲਟ ਈਵਾਨ ਏ ਸਟਰਿਕਲੈਂਡ (19) ਵਾਸੀ ਵਾਲੇਨਸੀਆ, ਨਿਊ ਮੈਕਸੀਕੋ ਸ਼ਾਮਿਲ ਹਨ।
ਕੈਰੋਲੀਨਾ ਵਿਚ ਇਕ ਇਮਾਰਤ ਨੂੰ ਅੱਗ ਲੱਗਣ ਉਪਰੰਤ ਹੋਏ ਜੋਰਦਾਰ ਧਮਾਕੇ ਵਿਚ ਇਕ ਮੌਤ, ਤਿੰਨ ਜ਼ਖਮੀ
ਸੈਕਰਾਮੈਂਟੋ 12 ਜੂਨ (ਹੁਸਨ ਲੜੋਆ ਬੰਗਾ) ਲਾਅਗਰਾਂਜ, ਉਤਰੀ ਕੈਰੋਲੀਨਾ ਵਿਚ ਝਾੜੀਆਂ ਨੂੰ ਲੱਗੀ ਅੱਗ ਨੇ ਇਕ ਇਮਾਰਤ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਇਮਾਰਤ ਵਿਚ ਕਰਮਸ਼ੀਅਲ ਆਤਸ਼ਬਾਜੀ ਸਮਗਰੀ ਮੌਜੂਦ ਸੀ। ਅੱਗ ਲੱਗਣ ਉਪਰੰਤ ਹੋਏ ਜੋਰਦਾਰ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਅੱਗ ਬੁਝਾਊ ਅਮਲੇ ਦੇ 3 ਮੈਂਬਰ ਜ਼ਖਮੀ ਹੋ ਗਏ। ਲੀਨਾਇਰ ਕਾਊਂਟੀ ਐਮਰਜੈਂਸੀ ਸਰਵਿਸਜ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਅੱਗ ਬੁਝਾਊ ਅਮਲੇ ਦੇ ਮੈਂਬਰ ਵੱਡੀ ਪੱਧਰ ‘ਤੇ ਫੈਲੀ ਅੱਗ ਨੂੰ ਬੁਝਾਉਣ ਦਾ ਯਤਨ ਕਰ ਰਹੇ ਸਨ ਤਾਂ ਜੋਰਦਾਰ ਧਮਾਕਾ ਹੋਇਆ ਜਿਸ ਵਿਚ ਇਕ ਵਿਅਕਤੀ ਬੁਰੀ ਤਰਾਂ ਜ਼ਖਮੀ ਹੋ ਗਿਆ ਤੇ ਉਸ ਨੂੰ ਮੌਕੇ ਉਪਰ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਉਸ ਦੀ ਪਛਾਣ ਰੈਂਡੀ ਹੇਰਿੰਗ ਵਜੋਂ ਹੋਈ ਹੈ ਜੋ ਅੱਗ ਨਾਲ ਸੜੀ ਇਮਾਰਤ ਦਾ ਮਾਲਕ ਸੀ। ਜ਼ਖਮੀ ਹੋਏ ਅੱਗ ਬੁਝਾਊ ਅਮਲੇ ਦੇ 3 ਮੈਂਬਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੋਂ 2 ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਛੁੱਟੀ ਦੇ ਦਿੱਤੀ ਗਈ ਜਦ ਕਿ ਜਿਆਦਾ ਸੜਣ ਕਰਨ ਇਕ ਮੁਲਾਜ਼ਮ ਨੂੰ ‘ਬਰਨ ਸੈਂਟਰ’ ਭੇਜਿਆ ਗਿਆ ਹੈ।

ਕੈਪਸ਼ਨ: ਅੱਗ ਲੱਗਣ ਉਪਰੰਤ ਇਮਾਰਤ ਵਿਚੋਂ ਉੱਠ ਰਿਹਾ ਧੂੰਆਂ ਤੇ ਮੌਕੇ ‘ਤੇ ਪੁੱਜੀਆਂ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ



