ਖੰਨਾ, (ਪਰਮਜੀਤ ਸਿੰਘ ਧੀਮਾਨ)- ਅੱਜ ਦੇਰ ਸ਼ਾਮ ਜਰਨੈਲੀ ਸੜਕ ’ਤੇ ਪਿ੍ਰਸਟਨ ਮਾਲ ਖੰਨਾ ਦੇ ਸਾਹਮਣੇ ਇਕ ਟਰਾਲਾ ਘੋੜਾ ਅਤੇ ਕਾਰ ਦੇ ਦਰਦਨਾਕ ਹਾਦਸੇ ਦੌਰਾਨ ਮਾਂ ਸਮੇਤ ਦੋ ਬੱਚਿਆਂ ਦੀ ਮੌਕੇ ’ਤੇ ਮੌਤ ਹੋ ਗਈ ਜਦੋਂ ਕਿ ਮ੍ਰਿਤਕਾ ਦੇ ਪਤੀ ਅਤੇ ਸੱਸ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਹਾਦਸਾ ਇੰਨਾ ਦਰਦਨਾਕ ਸੀ ਕਿ ਦੇਖਣ ਵਾਲਿਆਂ ਦੀ ਰੂਹ ਕੰਬ ਉਠੀ। ਪੁਲਸ ਵੱਲੋਂ ਕਰੇਨ ਦੀ ਮਦਦ ਨਾਲ ਕੰਨਟੇਨਰ ਦੇ ਹੋਠੋਂ ਜ਼ਖਮੀਆਂ ਤੇ ਮ੍ਰਿਤਕਾਂ ਨੂੰ ਕੱਢਣਾ ਪਿਆ। ਮ੍ਰਿਤਕਾ ਨਵਪ੍ਰੀਤ ਕੌਰ (32) ਦੇ ਭਰਾ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਣੋਈਆ ਗੁਰਿੰਦਰ ਸਿੰਘ ਬੌਬੀ, ਉਸਦੀ ਮਾਤਾ ਅਤੇ ਉਸਦੀ ਭੈਣ ਨਵਪ੍ਰੀਤ ਕੌਰ ਅਤੇ ਦੋਵੇਂ ਬੱਚੇ ਅੱਜ ਪਿੰਡ ਨੰਦਪੁਰ ਕਲੌੜ ਅਤੇ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਖੰਨਾ ਨੂੰ ਆ ਰਹੇ ਸਨ। ਜਿਉਂ ਹੀ ਉਨ੍ਹਾਂ ਦੀ ਕਾਰ ਨੰਬਰ ਪੀ. ਬੀ. 11-ਏਵਾਈ 0740 ਖੰਨਾ ਦੇ ਪਿ੍ਰਸਟਨ ਮਾਲ ਕੋਲ ਪੁੱਜਾ ਤਾਂ ਅੱਗੇ ਜਾ ਰਹੇ ਇਕ ਟਰਾਲਾ ਘੋੜਾ ਨੰਬਰ ਐਚਆਰ 55 ਡਬਲਯੂ 9791 ਜਿਹੜਾ ਕਿ ਅੰਬਾਲਾ ਸਾਈਡ ਤੋਂ ਲੁਧਿਆਣਾ ਵੱਲ ਨੂੰ ਜਾ ਰਿਹਾ, ਉਸ ਉੱਪਰ ਕੰਟੇਨਰ ਲੋਡ ਸਨ ਨੇ ਬਰੇਕ ਮਾਰ ਦਿੱਤੀ, ਜਿਸ ਕਾਰਨ ਟਰਾਲਾ ਆਪਣਾ ਸੰਤੁਲਨ ਗਵਾ ਬੈਠਾ ਅਤੇ ਉਸ ਉੱਪਰ ਲੱੱਦਿਆ ਕੰਟੇਨਰ ਕਾਰ ‘ਤੇ ਆ ਡਿੱਗਿਆ। ਜਿਸ ਕਾਰਨ ਕਾਰ ਦੀ ਪਿਛਲੀ ਸੀਟ ’ਤੇ ਬੈਠੀ ਉਸ ਦੀ ਭੈਣ ਨਵਪ੍ਰੀਤ ਕੌਰ, ਜੁੜਵਾਂ ਬੱਚੇ ਲੜਕਾ ਹਰਸਿਮਰਤ ਸਿੰਘ ਅਤੇ ਲੜਕੀ ਹਰਸੀਰਤ ਕੌਰ (ਕਰੀਬ 12 ਸਾਲ) ਦੀ ਮੌਕੇ ’ਤੇ ਹੀ ਮੌਤ ਹੋ ਗਈ।
ਉਸ ਨੇ ਦੱਸਿਆ ਕਿ ਹਾਦਸੇ ਦੌਰਾਨ ਕਾਰ ਚਲਾ ਰਹੇ ਉਨ੍ਹਾਂ ਦੇ ਭਣੋਈਏ ਗੁਰਿੰਦਰ ਸਿੰਘ ਬੌਬੀ ਤੇ ਉਸਦੀ ਮਾਤਾ ਕਮਲਜੀਤ ਕੌਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਖੰਨਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਇਸ ਮੌਕੇ ਥਾਣਾ ਸਦਰ ਖੰਨਾ ਅਤੇ ਥਾਣਾ ਸਿਟੀ ਦੀ ਪੁਲਿਸ ਪਾਰਟੀ ਵੱਲੋਂ ਮੌਕੇ ’ਤੇ ਪਹੁੰਚ ਰਾਹਗੀਰਾਂ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਮਿ੍ਰਤਕਾਂ ਅਤੇ ਜ਼ਖ਼ਮੀਆਂ ਨੂੰ ਬਹੁਤ ਮੁਸ਼ਕਲ ਨਾਲ ਕਾਰ ਵਿਚੋਂ ਕੱਢਿਆ ਗਿਆ। ਤਿੰਨੇ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ। ਖੰਨਾ ਪੁਲਿਸ ਵੱਲੋਂ ਕੰਨਟੇਨਰ ਅਤੇ ਕਾਰ ਨੂੰ ਨੈਸ਼ਨਲ ਹਾਈਵੇ ਉਪਰੋਂ ਹਟਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾ ਦਿੱਤਾ ਗਿਆ। ਟਰਾਲੇ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਕਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।






