17.1 C
Chandigarh

TODAY NOW NEWS

Thursday, March 19, 2026
HomeBREAKING NEWSਚੁੱਪ ਦੇ ਘੁੰਗਰੂ…

ਚੁੱਪ ਦੇ ਘੁੰਗਰੂ…

ਜੇਕਰ ਤੇਰੀ ਰੂਹ ਦੇ ਅੰਦਰ
ਸਾਡੀ ਤੇਹ ਦਾ ਪਾਣੀ ਜਾਗੇ।
ਜੇਕਰ ਤੈਨੂੰ ਕੱਤਣ ਲੱਗਣ
ਹਿਜਰਾਂ ਵਾਲੀ ਰੂੰ ਦੇ ਧਾਗੇ।
ਜੇਕਰ ਤੇਰੀ ਤ੍ਰਿਪਤੀ ਨੂੰ ਵੀ
ਆਵੇ ਸਾਡੀ ਭਾਲ।
ਅਸੀਂ ਤਾਂ ਚੱਲੇ ਹਾਂ
ਤੂੰ ਰਲਜੀਂ ਸਾਡੇ ਨਾਲ।

ਮਨ ਦੇ ਗਹਿਰੇ ਸਾਗਰ ਅੰਦਰ
ਜੇਕਰ ਕਿਧਰੇ ਸੋਕਾ ਹੋ-ਜੇ।
ਜੇਕਰ ਖੁਦ ਨੂੰ ਲੱਭਦੇ ਲੱਭਦੇ
ਤੇਰਾ ਆਪਾ ਕਿਧਰੇ ਖੋ-ਜੇ।
ਜੇਕਰ ਹਰ ਜਵਾਬ ਹੀ ਤੈਨੂੰ
ਟੱਕਰੇ ਬਣ ਸਵਾਲ।
ਅਸੀਂ ਤਾਂ ਚੱਲੇ ਹਾਂ…..

ਜੇ ਫੁੱਲਾਂ ਨੇ ਜ਼ਖ਼ਮੀ ਕਰੀਆਂ
ਤੇਰੇ ਮਨ ਦੀਆਂ ਮਹਿਕਾਂ।
ਜੇਕਰ ਤੈਨੂੰ ਮੱਧਮ ਜਾਪਣ
ਚੰਦ ਸੂਰਜ ਦੀਆਂ ਟਹਿਕਾਂ।
ਜੇਕਰ ਤੈਨੂੰ ਨ੍ਹੇਰਾ ਜਾਪੇ
ਘਰ ਦੇ ਦੀਵੇ ਬਾਲ਼।
ਅਸੀੱ ਤਾਂ ਚੱਲੇ ਹਾਂ…..

ਆ ਜਾਵੀਂ ਕਿ ਜੇਕਰ ਤੈਨੂੰ
ਵਿਹੜੇ ਵਾਲੀ ਅਗਨੀ ਠਾਰੇ।
ਚੰਦਰਮਾਂ ਵੀ ਬੁਝਿਆ ਜਾਪੇ
ਕਾਲੇ ਕਾਲੇ ਲੱਗਣ ਤਾਰੇ।
ਜੇਕਰ ਤੈਨੂੰ ਲੰਬੀ ਵਰਗਾ
ਲੱਭੇ ਨਾ ਤਤਕਾਲ।
ਅਸੀਂ ਤਾਂ ਚੱਲੇ……

ਸਾਡੇ ਪਿੱਛੇ ਆਵਣ ਲੱਗਿਆ
ਚੁੱਪ ਦੇ ਘੁੰਗਰੂ ਪਾ ਕੇ ਆਵੀਂ।
ਜੋ ਵਸਤਰ ਤੈਨੂੰ ਕਰਦੇ ਨੰਗਾ
ਚੁੱਲ੍ਹੇ ਦੇ ਵਿੱਚ ਡਾਹ ਕੇ ਆਵੀਂ।
ਜੋ ਸੁਲਝਣ ਦਾ ਭਰਮ ਸਿਰਜਦੇ
ਤੋੜ ਦੇਵੀਂ ਜੰਜਾਲ।
ਅਸੀਂ ਤਾਂ ਚੱਲੇ ਹਾਂ….

ਜੇਕਰ ਸਾਡੀਆਂ ਪੈੜਾਂ ਚਾਹੇਂ
ਤਾਂ ਫਿਰ ਤੱਕੀ ਵਿੱਚ ਹਵਾਵਾਂ।
ਜਾਂ ਰੁੱਖਾਂ ਦੀ ਛਾਵੇਂ ਛਾਵੇਂ
ਸਾਡਾ ਹੋਣਾ ਹੈ ਪਰਛਾਵਾਂ।
ਜਾਂ ਫਿਰ ਅੜਿਆ ਕਰਲੀਂ ਥੋੜ੍ਹੀ
ਅਪਣੀ ਹੀ ਪੜਤਾਲ।
ਅਸੀਂ ਤਾਂ ਚੱਲੇ ਹਾਂ
ਤੂੰ ਰਲਜੀਂ ਸਾਡੇ ਨਾਲ।
………ਗੁਰਸੇਵਕ ਲੰਬੀ

Today Now News

RELATED ARTICLES
- Advertisment -

POPULAR POSTS