ਸਮਰਾਲਾ : ਸਾਈਬਰ ਕ੍ਰਾਈਮ ਕਰਨ ਵਾਲੇ ਕੁਝ ਸ਼ਾਤਿਰ ਠੱਗਾਂ ਨੇ ਪਿੰਡ ਮੰਜਾਲੀ ਕਲਾਂ ਦੇ ਰਹਿਣ ਵਾਲੇ ਫ਼ੌਜ ਤੋਂ ਰਿਟਾਇਰ ਹੋ ਚੁੱਕੇ ਕੈਪਟਨ ਭਜਨ ਸਿੰਘ ਨੂੰ ਆਪਣੇ ਝਾਂਸੇ ‘ਚ ਉਲਝਾ ਕੇ ਡੇਢ ਲੱਖ ਰੁਪਏ ਦਾ ਚੂਨਾ ਲਗਾ ਦਿੱਤਾ। ਕੈਪਟਨ ਭਜਨ ਸਿੰਘ ਨੇ ਦੱਸਿਆ ਕਿ ਬੀਤੀ 9 ਮਈ ਨੂੰ ਉਨਾਂ ਨੂੰ ਬਾਹਰਲੇ ਮੁਲਕ ਦੇ ਕਿਸੇ ਨੰਬਰ ਤੋਂ ਫੋਨ ਆਇਆ ਤੇ ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਉਸਦੇ ਪਿੰਡ ਦਾ ਵਸਨੀਕ ਦੱਸਦੇ ਹੋਏ ਉਸਦਾ ਹਾਲ ਚਾਲ ਪੁੱਛਿਆ ਤੇ ਆਪ ਆਸਟ੍ਰੇਲੀਆ ਹੋਣ ਦੀ ਗੱਲ ਦੱਸੀ। ਠੱਗ ਨੇ ਉਸਨੂੰ ਆਪਣਾ ਵੀਜ਼ਾ ਇਕ ਦਿਨ ਵਿਚ ਹੀ ਖਤਮ ਹੋਣ ਬਾਰੇ ਦੱਸਿਆ ਤੇ ਕਿਹਾ ਕਿ ਇੱਥੇ ਉਸਦਾ ਸਭ ਕੁਝ ਬੰਦ ਹੋਣ ਵਾਲਾ ਹੈ ਤੇ ਉਹ ਜਲਦੀ ਹੀ ਕਿਸੇ ਏਜੰਟ ਰਾਹੀਂ ਵਾਪਸ ਆਪਣੇ ਪਿੰਡ ਪਰਤੇਗਾ। ਠੱਗ ਨੇ ਕੈਪਟਨ ਭਜਨ ਸਿੰਘ ਕੋਲੋਂ ਉਸਦਾ ਖਾਤਾ ਨੰਬਰ ਮੰਗਿਆ ਤੇ ਕਿਹਾ ਕਿ ਉਹ ਉਸਦੇ ਖਾਤੇ ਵਿਚ ਸਾਢੇ ਸੱਤ ਲੱਖ ਰੁਪਏ ਭੇਜੇਗਾ ਜੋ ਉਸਨੂੰ ਪਿੰਡ ਆਉਣ ਤੇ ਦੇ ਦਿੱਤੇ ਜਾਣ । ਇਸ ਸਬੰਧੀ ਉਸਨੇ 7,48,980 ਰੁਪਏ ਦੀ ਮਨੀਗ੍ਰਾਮ ਦੀ ਰਸੀਦ ਵੀ ਭੇਜੀ ਤੇ ਇਸਨੂੰ ਤਸਦੀਕ ਕਰਨ ਲਈ ਦਿੱਲੀ ਦੇ ਇਕ ਹੋਰ ਠੱਗ ਦਾ ਨੰਬਰ ਦੇ ਦਿੱਤਾ ਜਿਸਨੇ ਆਪਣੇ ਆਪ ਨੂੰ ਪੰਜਾਬ ਨੈਸ਼ਨਲ ਬੈਂਕ ਦਾ ਦਿੱਲੀ ਤੋਂ ਮੈਨੇਜਰ ਹੋਣ ਦਾ ਦਾਅਵਾ ਕਰਕੇ ਇਹ ਪੈਸੇ ਉਸਦੇ ਖਾਤੇ ‘ਚ 24 ਘੰਟਿਆਂ ‘ਚ ਆਉਣ ਦੀ ਪੁਸ਼ਟੀ ਕੀਤੀ। ਇਹ ਯਕੀਨ ਦਿਵਾਉਣ ਤੋਂ ਬਾਅਦ ਉਕਤ ਠੱਗ ਨੇ ਕੈਪਟਨ ਭਜਨ ਸਿੰਘ ਕੋਲੋਂ ਡੇਢ ਲੱਖ ਰੁਪਏ ਦੀ ਮੰਗ ਕੀਤੀ ਕਿ ਇਹ ਪੈਸੇ ਉਸਨੇ ਏਜੰਟ ਨੂੰ ਦੇਣੇ ਹਨ ਜੋ ਉਸਨੂੰ ਪਿੰਡ ਵਾਪਸ ਭੇਜਣ ਵਾਲਾ ਹੈ। ਠੱਗਾਂ ਦੇ ਝਾਂਸੇ ‘ਚ ਆਕੇ ਕੈਪਟਨ ਨੇ ਉਨਾਂ ਵੱਲੋਂ ਭੇਜੇ ਗਏ ਖਾਤੇ ਵਿਚ ਕਰੀਬ ਡੇਢ ਲੱਖ ਰੁਪਏ ਜਮਾਂ ਕਰਵਾ ਦਿੱਤੇ ਤੇ ਉਸਤੋਂ ਬਾਅਦ ਉਨਾਂ ਦਾ ਫੋਨ ਨੰਬਰ ਬੰਦ ਆਉਣ ਲੱਗ ਪਿਆ। ਜਿਸ ‘ਤੇ ਉਸਨੂੰ ਅਹਿਸਾਸ ਹੋ ਗਿਆ ਕਿ ਉਸਦੇ ਨਾਲ ਠੱਗੀ ਵੱਜ ਗਈ ਹੈ। ਇਸ ਸਬੰਧੀ ਭਜਨ ਸਿੰਘ ਨੇ ਥਾਣਾ ਸਮਰਾਲਾ ਵਿਖੇ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਦੇ ਕੇ ਉਕਤ ਠੱਗਾਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।






