ਮਾਨਸਾ, 10 ਮਈ: ਗੁਰਜੰਟ ਸਿੰਘ ਬਾਜੇਵਾਲੀਆ / ਜ਼ਿਲਾ ਭਾਸ਼ਾ ਦਫਤਰ ਵਲੋਂ ਸਥਾਨਕ ਬਾਲ ਭਵਨ ਵਿਖੇ ਇਕ-ਰੋਜ਼ਾ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਸ਼ਾ ਵਿਭਾਗ ਦੀਆਂ ਦੁਰਲੱਭ ਕਿਤਾਬਾਂ ਨੂੰ ਪਾਠਕਾਂ ਲਈ ਪ੍ਰਦਰਸ਼ਿਤ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਜ਼ਿਲਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਦੱਸਿਆ ਕਿ ਪੁਸਤਕਾਂ ਦਾ ਮਹੱਤਵ ਹਰ ਯੁੱਗ ਵਿਚ ਅਹਿਮ ਹੈ। ਮਨੁੱਖ ਦੀ ਤਰੱਕੀ ਇਨਾਂ ਪੁਸਤਕਾਂ ਰਾਹੀਂ ਹੀ ਸੰਭਵ ਹੈ। ਉਨਾਂ ਭਾਸ਼ਾ ਵਿਭਾਗ ਦੀਆਂ ਸਕੀਮਾਂ, ਮਹੀਨੇਵਾਰ ਰਸਾਲਿਆਂ ਅਤੇ ਭਾਸ਼ਾ ਐਕਟ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਨਾਂ ਪੁਸਤਕ ਪ੍ਰਦਰਸ਼ਨੀਆਂ ਰਾਹੀਂ ਵਿਭਾਗ ਪਿਆਸਿਆਂ ਕੋਲ ਖੂਹ ਲਿਜਾਣ ਦਾ ਕੰਮ ਕਰ ਰਿਹਾ ਹੈ। ਉਨਾਂ ਕਿਹਾ ਕਿ ਕਿਤਾਬਾਂ ਗਿਆਨ ਦਾ ਸਰਵੋਤਮ ਸ੍ਰੋਤ ਹਨ, ਸਾਨੂੰ ਕਿਤਾਬਾਂ ਦੀ ਮਹੱਤਤਾ ਨੂੰ ਵੇਖਦਿਆਂ ਕਿਤਾਬਾਂ ਨਾਲ ਜੁੜਨਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ।
ਖੋਜ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਕਰੀ ਇੰਚਾਰਜ ਰਵਿੰਦਰ ਸਿੰਘ, ਮਨਦੀਪ ਸਿੰਘ ਅਤੇ ਓਮ ਪ੍ਰਕਾਸ਼ ਦੇ ਸਹਿਯੋਗ ਨਾਲ ਇਸ ਪ੍ਰਦਰਸ਼ਨੀ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪ੍ਰਦਰਸ਼ਿਤ ਕੀਤਾ ਗਿਆ, ਜਿਸ ਵਿਚ ਸ਼ਹਿਰ ਅਤੇ ਪਿੰਡਾਂ ਤੋਂ ਆਉਂਦੇ ਲੋਕਾਂ ਨੇ ਸ਼ਿਰਕਤ ਕਰਕੇ ਕਿਤਾਬਾਂ ਵਿਚ ਵਿਸ਼ੇਸ਼ ਰੁਚੀ ਦਿਖਾਈ।





