ਚੰਡੀਗੜ੍ਹ, 10 ਮਈ: ਪੰਜਾਬ ਕਾਂਗਰਸ ਨੇ ਸੂਬਾ ਸਰਕਾਰ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ, ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀਆਂ ਤਰਜੀਹਾਂ ਨੂੰ ਸਹੀ ਦਿਸ਼ਾ ਵਿੱਚ ਬਦਲਣ ਅਤੇ ਸੂਬੇ ਨੂੰ ਦਰਪੇਸ਼ ਚੁਣੌਤੀਆਂ ਵੱਲ ਗੰਭੀਰਤਾ ਨਾਲ ਧਿਆਨ ਦੇਣ ਲਈ ਕਿਹਾ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗ਼ੈਰ ਤਜਰਬੇਕਾਰ ਹੋਣ ਅਤੇ ਇਸ ਦੀਆਂ ਤਰਜੀਹਾਂ ਗਲਤ ਦਿਸ਼ਾ ਵੱਲ ਵਧਣ ਕਾਰਨ ਅੱਤਵਾਦੀਆਂ ਵੱਲੋਂ ਪੰਜਾਬ ਵਿੱਚ ਹਾਲਾਤਾਂ ਦੀ ਦੁਰਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋ ਪੰਜਾਬ ਅੰਦਰ ਆਪਣਾ ਸਿਰ ਚੁੱਕਦੇ ਦਿਖ ਰਹੇ ਹਨ। ਉਨ੍ਹਾਂ ਕਿਹਾ ਕਿ ਮੋਹਾਲੀ ਵਿਖੇ ਹੋਇਆ ਵੱਡਾ ਅੱਤਵਾਦੀ ਹਮਲਾ ਮੌਜੂਦਾ ਸਰਕਾਰ ਦੀ ਗੈਰ ਤਜਰਬੇਕਾਰ ਸਥਿਤੀ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਹੈ।
ਸੋਮਵਾਰ ਸ਼ਾਮ ਮੋਹਾਲੀ ਵਿਖੇ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡ ਕੁਆਟਰ ‘ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆਂ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਦੁਸ਼ਮਣਾਂ ਵੱਲੋਂ ਪੰਜਾਬ ਦੀ ਸ਼ਾਂਤੀ ਅਤੇ ਏਕਤਾ ‘ਤੇ ਸਿੱਧਾ ਹਮਲਾ ਹੈ, ਜਿਨ੍ਹਾਂ ਨੂੰ ਇਕਜੁੱਟ ਹੋ ਕੇ ਹਰਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਹਮਲਿਆਂ ਨੂੰ ਰੋਕੇ ਅਤੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰੇ। ਜਦਕਿ ਉਨ੍ਹਾਂ ਆਪਣੀ ਪਾਰਟੀ ਦੀ ਤਰਫੋਂ ਸਥਿਤੀ ਨਾਲ ਨਜਿੱਠਣ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਉਨ੍ਹਾਂ ਖੁਲਾਸਾ ਕੀਤਾ ਕਿ ਸਰਹੱਦ ਪਾਰ ਬੈਠੇ ਦੁਸ਼ਮਣ ਲਗਾਤਾਰ ਹਥਿਆਰਾਂ ਅਤੇ ਨਸ਼ਿਆਂ ਨੂੰ ਪੰਜਾਬ ਵਿੱਚ ਧੱਕਣ ਦੀ ਕੋਸ਼ਿਸ਼ ਕਰਦੇ ਹਨ। ਜਦਕਿ ਇਨ੍ਹਾਂ ਵਿਚੋਂ ਕੁਝ ਚੀਜ਼ਾਂ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਜ਼ਬਤ ਕਰ ਲਈਆਂ ਹਨ। ਪਰ ਇਨ੍ਹਾਂ ਹਾਲਾਤਾਂ ਵਿਚ ਵੀ ਇਸ ਦੀ ਕੁਝ ਮਾਤਰਾ ਅੱਖਾਂ ਤੋਂ ਬਚ ਕੇ ਸੂਬਰ ਵਿਚ ਪਹੁੰਚਣ ਦੀ ਸੰਭਾਵਨਾ ਹੈ, ਜੋ ਪੰਜਾਬ ਦੀ ਸ਼ਾਂਤੀ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਪੁਲਿਸ ਦੀ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੀ ਸਮਰੱਥਾ ‘ਤੇ ਪੂਰਾ ਭਰੋਸਾ ਹੈ, ਜਿਸ ਨੇ ਪਿਛਲੇ ਸਾਲਾਂ ਦੌਰਾਨ ਆਪਣੇ ਆਪ ਨੂੰ ਸਾਬਤ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸੱਤਾ ਵਿੱਚ ਆਉਣ ਵਾਲੇ ਲੋਕ ਆਪਣੀਆਂ ਤਰਜੀਹਾਂ ਨੂੰ ਸਹੀ ਦਿਸ਼ਾ ਵਿੱਚ ਬਦਲਣਗੇ ਅਤੇ ਪੁਲਿਸ ਦੀਆਂ ਸਮਰੱਥਾਵਾਂ ਦੀ ਸਹੀ ਉਦੇਸ਼ ਲਈ ਵਰਤੋਂ ਕਰਨਗੇ।
ਸੂਬਾ ਕਾਂਗਰਸ ਪ੍ਰਧਾਨ ਨੇ ਸੁਰੱਖਿਆ ਸਬੰਧੀ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਸਰਕਾਰ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਕਿ ਜਦੋਂ ਦੇਸ਼, ਪੰਜਾਬ ਅਤੇ ਇੱਥੋਂ ਦੇ ਲੋਕਾਂ ਦੀ ਸੁਰੱਖਿਆ ਦਾ ਮੁੱਦਾ ਆਉਂਦਾ ਹੈ ਤਾਂ ਕਾਂਗਰਸ ਪਾਰਟੀ ਇਸ ਦੀ ਸੁਰੱਖਿਆ ਲਈ ਇਕ ਕਦਮ ਅੱਗੇ ਵਧਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਰਾਸ਼ਟਰੀ ਹਿੱਤ ਸਭ ਤੋਂ ਉੱਪਰ ਹੈ।






