ਬਟਾਲਾ : ਸ਼ਿਵ ਕੁਮਾਰੀ ਬਟਾਲਵੀ ਕਲਾ ਅਤੇ ਸੱਭਿਆਚਾਰ ਸੁਸਾਇਟੀ, ਬਟਾਲਾ ਨੇ ਪੰਜਾਬ ਕਲਾ ਪ੍ਰੀਸ਼ਦ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ 6 ਮਈ ਨੂੰ ਸ਼ਾਮ 4 ਤੋਂ 7 ਵਜੇ ਤਕ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਸ਼ਿਵ ਕੁਮਾਰ ਬਟਾਲਵੀ ਦੀ 49ਵੀਂ ਬਰਸੀ ਮਨਾਉਣ ਦਾ ਐਲਾਨ ਕੀਤਾ ਹੈ। ਸ਼ਿਵ ਕੁਮਾਰੀ ਬਟਾਲਵੀ ਕਲਾ ਤੇ ਸਭਿਆਚਾਰ ਸੁਸਾਇਟੀ, ਬਟਾਲਾ ਦੇ ਪ੍ਰਧਾਨ ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਬ੍ਰਿਹਾ ਦੇ ਸੁਲਤਾਨ, ਪੰਜਾਬੀ ਕਾਵਿ-ਜਗਤ ਦੇ ਸਿਰਮੌਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ 49ਵੀਂ ਬਰਸੀ ਮੌਕੇ ਵਿਸ਼ੇਸ਼ ਕਵੀ ਦਰਬਾਰ ਅਤੇ ਕਾਵਿ ਗਾਇਨ ਸਮਾਰੋਹ ਕਰਵਾਇਆ ਜਾਵੇਗਾ, ਜਿਸ ਵਿਚ ਪ੍ਰਸਿੱਧ ਕਵੀ ਹਿੱਸਾ ਲੈਣਗੇ। ਗਾਇਕ ਹਰਿੰਦਰ ਸੋਹਲ ਸ਼ਿਵ ਬਟਾਲਵੀ ਵੱਲੋਂ ਰਚਿਤ ਰਚਨਾਵਾਂ ਨੂੰ ਆਪਣੀ ਸੁਰੀਲੀ ਆਵਾਜ਼ ਰਾਹੀਂ ਗਾਏਗਾ। ਡਾ. ਰਵਿੰਦਰ ਸਿੰਘ ਦੀ ਨਵੀਂ ਕਾਵਿ-ਕਿਤਾਬ ‘ਅੰਦਰ ਖੁੱਲ੍ਹਦੀ ਖਿਡ਼ਕੀ’ ਰਿਲੀਜ਼ ਕੀਤੀ ਜਾਵੇਗੀ। ਇਸ ਮੌਕੇ ਪੰਜਾਬੀ ਸਾਹਿਤ ਦੇ ਪ੍ਰਸਿੱਧ ਫ਼ੋਟੋਗ੍ਰਾਫਰ ਹਰਭਜਨ ਬਾਜਵਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇਗਾ। ਇਸ ਸਮਾਗਮ ਦੀ ਪ੍ਰਧਾਨਗੀ ਪਦਮ ਸ੍ਰੀ ਸੁਰਜੀਤ ਪਾਤਰ ਕਰਨਗੇ ਅਤੇ ਮੁੱਖ ਮਹਿਮਾਨ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ (ਸ਼ੈਰੀ ਕਲਸੀ) ਹੋਣਗੇ।






