ਖੰਨਾ, 30 ਅਪ੍ਰੈਲ (ਪਰਮਜੀਤ ਸਿੰਘ ਧੀਮਾਨ)- ਬੀਤੇ ਕੱਲ੍ਹ ਖਾਲਿਸਤਾਨੀ ਸਮਰਥਕਾਂ ਵੱਲੋਂ ਹਿੰਦੂ ਸਿੱਖ ਏਕਤਾ ਨੂੰ ਢਾਹ ਲਗਾਉਣ ਲਈ ਇਕ ਸਾਜਿਸ਼ ਅਧੀਨ ਕਾਲੀ ਮਾਤਾ ਮੰਦਰ ਪਟਿਆਲਾ ’ਤੇ ਹਮਲਾ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਅਤੇ ਮੰਦਭਾਗੀ ਘਟਨਾ ਹੈ। ਇਸ ਘਟਨਾ ਨਾਲ ਪੂਰੇ ਦੇਸ਼ ਦੇ ਲੱਖਾਂ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਇਹ ਪ੍ਰਗਟਾਵਾ ਸ਼੍ਰੀ ਹਿੰਦੂੁ ਤਖਤ, ਕਾਲੀ ਮੰਦਰ ਪਟਿਆਲਾ ਅਤੇ ਵੱਖ-ਵੱਖ ਹਿੰਦੂ ਸੰਗਠਨਾਂ ਦੇ ਮੀਡੀਆ ਸਲਾਹਕਾਰ ਕਮਲਜੀਤ ਸਿੰਘ ਕਮਲ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਅੱਜ ਹਿੰਦੂ ਭਾਈਚਾਰੇ ਅਤੇ ਖਾਸ ਕਰਕੇ ਕਾਲੀ ਮਾਤਾ ਵਿਚ ਆਸਥਾ ਰੱਖਣ ਵਾਲਿਆਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਦੇਸ਼ ਵਿਰੋਧੀ ਤਾਕਤਾਂ ਪੈਰ ਪਸਾਰ ਰਹੀਆਂ ਹਨ, ਪਰ ਪੰਜਾਬ ਦੀ ਸਰਕਾਰ ਅਤੇ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਸੀ। ਜਿਸ ਦੇ ਸਿੱਟੇ ਵੱਜੋਂ ਅੱਜ ਦੇਸ਼ ਵਿਰੋਧੀ ਤਾਕਤਾਂ ਅਤੇ ਖਾਲਿਸਤਾਨੀ ਸਮਰਥਕ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਰਹੇ ਹਨ।
ਕਮਲਜੀਤ ਸਿੰਘ ਕਮਲ ਨੇ ਕਿਹਾ ਕਿ ਇਹ ਕਾਲੀ ਮਾਤਾ ਮੰਦਰ ’ਤੇ ਹਮਲਾ ਨਹੀਂ ਹੋਇਆ, ਦੇਸ਼ ਦੇ ਲੱਖਾਂ ਹਿੰਦੂਆਂ ਅਤੇ ਸਿੱਖਾਂ ਦੀ ਆਸਥਾ ’ਤੇ ਹਮਲਾ ਹੋਇਆ ਹੈ, ਮੰਦਰ ਦੀ ਹੋਈ ਇਸ ਬੇਅਦਬੀ ਦੀ ਘਟਨਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਹ ਜੋ ਵੀ ਵਾਪਰਿਆ ਹੈ, ਉਹ ਪੰਜਾਬ ਪੁਲਿਸ ਦੀ ਅਣਗਹਿਲੀ ਨਾਲ ਵਾਪਰਿਆ ਹੈ। ਪੁਲਿਸ ਵੱਲੋਂ ਇਨ੍ਹਾਂ ਗਰਮ ਖਿਆਲੀਆਂ ’ਤੇ ਕਾਰਵਾਈ ਤਾਂ ਕੀ ਕਰਨੀ ਸੀ ਉਲਟਾ ਇਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਸੀ। ਪੁਲਿਸ ਫਾਇਰਿੰਗ ਕਰ ਰਹੀ ਸੀ, ਇਹ ਦੰਗਾਕਾਰੀ ਭੰਗੜੇ ਪਾ ਰਹੇ ਸਨ। ਇਸ ਘਟਨਾ ਨਾਲ ਪੰਜਾਬ ਪੁਲਿਸ ਦੀ ਕਾਰਵਾਈ ’ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸ਼੍ਰੀ ਹਿੰਦੂ ਤਖਤ ਦੇ ਧਰਮਾਧੀਸ਼ ਜਗਤਗੁਰੂ ਪੰਚਾਨੰਦ ਗਿਰੀ ਵੱਲੋਂ ਪੁਲਿਸ ਪ੍ਰਸ਼ਾਸ਼ਨ ਅਤੇ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਉਪਰੰਤ ਜੋ ਵੀ ਫੈਸਲਾ ਲਿਆ ਜਾਵੇਗਾ, ਇਸ ਤਹਿਤ ਹੀ ਹਿੰਦੂ ਸੰਗਠਨਾਂ ਵੱਲੋਂ ਅਗਲਾ ਪ੍ਰੋਗਰਾਮ ਤੈਅ ਕੀਤਾ ਜਾਵੇਗਾ।
ਕਮਲਜੀਤ ਕਮਲ ਨੇ ਕਿਹਾ ਕਿ ਕੁੱਝ ਗਰਮਖਿਆਲੀ ਤੇ ਖਾਲਿਸਤਾਨੀ ਪੰਜਾਬ ਦੀ ਅਮਨ ਸ਼ਾਂਤੀ ਅਤੇ ਹਿੰਦੂ ਸਿੱਖ ਏਕਤਾ ਨੂੰ ਢਾਅ ਲਾਉਣ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕਰ ਰਹੇ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬੂਰ ਨਹੀਂ ਪੈਣ ਦਿੱਤਾ ਜਾਵੇਗਾ ਅਤੇ ਜਗਤ ਗੁਰੂ ਪੰਚਾਨੰਦ ਗਿਰੀ ਜੀ ਦੀ ਅਗਵਾਈ ਵਿੱਚ ਇਨ੍ਹਾਂ ਦੇਸ਼ ਵਿਰੋਧੀ ਤਾਕਤਾਂ ਦਾ ਹਮੇਸ਼ਾ ਹੀ ਮੂੰਹ ਤੋੜ ਜਵਾਬ ਦਿੱਤਾ ਜਾਂਦਾ ਰਹੇਗਾ ਤੇ ਪੰਜਾਬ ਦੀ ਅਮਨ ਸ਼ਾਂਤੀ, ਏਕਤਾ ਤੇ ਅੰਖਡਤਾ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ।





